ਕਹਾਣੀਕਾਰ ਤੇ ਨਾਵਲਕਾਰ ਦੇਸ ਰਾਜ ਕਾਲੀ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ

0
203

ਜਲੰਧਰ (ਕੇਸਰ)-ਉਘੇ ਪੱਤਰਕਾਰ, ਪੰਜਾਬੀ ਦੇ ਪ੍ਰਸਿੱਧ ਲੇਖਕ, ਕਹਾਣੀਕਾਰ ਤੇ ਨਾਵਲਕਾਰ ਦੇਸ ਰਾਜ ਕਾਲੀ ਨੂੰ ਮੰਗਲਵਾਰ ਉਨ੍ਹਾ ਦੇ ਬੇਟੇ ਕਰਨ ਵੱਲੋਂ ਅਗਨੀ ਭੇਟ ਕਰਨ ਉਪਰੰਤ ਸੇਜਲ ਅੱਖਾਂ ਨਾਲ ਅੰਤਮ ਸੰਸਕਾਰ ਕੀਤਾ ਗਿਆ | ਇਸ ਮੌਕੇ ਜਿਥੇ ਪੰਜਾਬ ਭਰ ਤੋਂ ਦੇਸ ਰਾਜ ਕਾਲੀ ਦੇ ਸਾਹਿਤਕ ਮਿੱਤਰ, ਅਖ਼ਬਾਰਾਂ ਦੇ ਐਡੀਟਰ, ਵੈੱਬ ਚੈਨਲਾਂ ਦੇ ਪੱਤਰਕਾਰ ਅਤੇ ਸੋਸ਼ਲ ਵਰਕਰ ਵੱਡੀ ਗਿਣਤੀ ਵਿਚ ਪੁੱਜੇ, ਉਥੇ ਅਨੇਕਾਂ ਉਘੀਆਂ ਸਮਾਜਕ ਸੰਸਥਾਵਾਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਡਾ. ਬੀ ਆਰ ਅੰਬੇਡਕਰ ਟਰੱਸਟ, ਪੰਜਾਬ ਬੁਧਇਸਟ ਸੁਸਾਇਟੀ, ਪੰਜਾਬ ਪ੍ਰੈੱਸ ਕਲੱਬ ਜਲੰਧਰ ਤੇ ਵਿਰਸਾ ਵਿਹਾਰ ਦੇ ਕਾਰਜਕਰਤਾ ਸ਼ਾਮਲ ਹੋਏ | ਇਸ ਮੌਕੇ ਪਰਵਾਰ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 7 ਸਤੰਬਰ (ਵੀਰਵਾਰ) ਉਨ੍ਹਾ ਦੇ ਜੱਦੀ ਪਿੰਡ ਮਿੱਠਾਪੁਰ ਵਿਖੇ ਭੋਗ ਪਾਏ ਜਾਣਗੇ |
ਜ਼ਿਕਰਯੋਗ ਹੈ ਕਿ ਪਿਛਲੇ ਐਤਵਾਰ ਤੜਕਸਾਰ ਦੇਸ ਰਾਜ ਕਾਲੀ ਦਾ ਦੇਹਾਂਤ ਹੋ ਗਿਆ ਸੀ | ਉਨ੍ਹਾ ਚੰਡੀਗੜ੍ਹ ਦੇ ਪੀ ਜੀ ਆਈ ‘ਚ ਆਖਰੀ ਸਾਹ ਲਏ | ਉਹ ਪਿਛਲੇ ਕਰੀਬ ਦੋ ਮਹੀਨੇ ਤੋਂ ਲਿਵਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ | ਜਲੰਧਰ ਦੇ ਹਸਪਤਾਲ ‘ਚ ਜ਼ੇਰੇ ਇਲਾਜ ਉਪਰੰਤ ਉਨ੍ਹਾ ਨੂੰ ਪੀ ਜੀ ਆਈ ਚੰਡੀਗੜ੍ਹ ਲਿਜਾਇਆ ਗਿਆ, ਜਿਥੇ ਉਨ੍ਹਾ ਦਮ ਤੋੜ ਦਿੱਤਾ | ਉਹ ਪੰਜਾਬੀ ਭਾਸ਼ਾ ਦੇ ਨਾਮਵਾਰ ਚਿੰਤਕ ਸਨ | ਉਨ੍ਹਾ ਰੋਜ਼ਾਨਾ ‘ਨਵਾਂ ਜ਼ਮਾਨਾ’ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ | ਉਹ 52 ਵਰਿ੍ਹਆਂ ਦੇ ਸਨ |
ਉਨ੍ਹਾ ਦੀ ਮੌਤ ਨਾਲ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ | ਅੰਤਮ ਸੰਸਕਾਰ ਤੋਂ ਬਾਅਦ ਲੇਖਕ ਅਤੇ ਸਾਹਿਤਕਾਰ ਦੇਸ਼ ਭਗਤ ਯਾਦਗਾਰ ਹਾਲ ਵਿਚ ਜੁੜੇ, ਜਿੱਥੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਸਕੱਤਰ ਅਮੋਲਕ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਸੀਤਲ ਸਿੰਘ ਸੰਘਾ, ਰਣਜੀਤ ਸਿੰਘ ਔਲਖ, ਹਰਵਿੰਦਰ ਭੰਡਾਲ, ਮੰਗਤ ਰਾਮ ਪਾਸਲਾ, ਐਡਵੋਕੇਟ ਰਜਿੰਦਰ ਮੰਡ, ਹਰਮੇਸ਼ ਮਾਲੜੀ ਤੋਂ ਇਲਾਵਾ ਡਾ. ਸੇਵਾ ਸਿੰਘ, ਬੂਟਾ ਸਿੰਘ ਨਵਾਂਸ਼ਹਿਰ, ਹਰਜਿੰਦਰ ਫਗਵਾੜਾ, ਪਰਮਜੀਤ ਸਿੰਘ, ਰਾਜੇਸ਼ ਥਾਪਾ, ਕਹਾਣੀਕਾਰ ਅਜਮੇਰ ਸਿੱਧੂ, ਗੁਰਮੀਤ ਕੜਿਆਲਵੀ, ਬਲਬੀਰ ਪਰਵਾਨਾ, ਸ਼ਬਦੀਸ਼, ਭੁਪਿੰਦਰ ਸੰਧੂ, ਮੱਖਣ ਮਾਨ, ਤਰਲੋਚਨ ਤਰਨ ਤਾਰਨ, ਸੁਰਜੀਤ ਜੱਜ, ਭੁਪਿੰਦਰ ਕੌਰ, ਡਾ. ਸੁਰਜੀਤ ਜੱਜ, ਡਾ. ਸਰਬਜੀਤ ਸਿੰਘ, ਬਲਵਿੰਦਰ ਮੰਗੂਵਾਲ, ਪਰਮਜੀਤ ਸਿੰਘ ਕਾਨੂੰਗੋ, ਗੁਰਦੀਪ ਸਿੰਘ ਕਾਨੂੰਗੋ, ਮਨਦੀਪ ਸਨੇਹੀ, ਦੀਪ ਨਿਰਮੋਹੀ, ਜਸਵਿੰਦਰ ਸੈਣੀ, ਤਸਕੀਨ ਤੇ ਗੁਰਮੀਤ ਸਿੰਘ ਪਟਿਆਲਾ ਨੇ ਦੇਸ ਰਾਜ ਕਾਲੀ ਨੂੰ ਭਰੇ ਮਨ ਨਾਲ ਸ਼ਰਧਾਂਜਲੀ ਅਰਪਤ ਕੀਤੀ | ਕਮੇਟੀ ਦੇ ਸਾਬਕਾ ਸਕੱਤਰ ਗੁਰਮੀਤ ਨੇ ਵੀ ਸ਼ੋਕ ਸੁਨੇਹਾ ਭੇਜਿਆ | ਇਸ ਮੌਕੇ ਇਹ ਫੈਸਲਾ ਵੀ ਕੀਤਾ ਗਿਆ ਕਿ ਅਗਲੇ ਦਿਨਾਂ ‘ਚ ਦੇਸ਼ ਭਗਤ ਯਾਦਗਾਰ ਹਾਲ ਵਿਖੇ ਦੇਸ ਰਾਜ ਕਾਲੀ ਦੀ ਯਾਦ ‘ਚ ਵਿਚਾਰ-ਚਰਚਾ ਸਮਾਗਮ ਕੀਤਾ ਜਾਏਗਾ

LEAVE A REPLY

Please enter your comment!
Please enter your name here