ਪੀਲੀਭੀਤ : ਭਾਜਪਾ ਸਾਂਸਦ ਵਰੁਣ ਗਾਂਧੀ ਅਕਸਰ ਆਪਣੀ ਹੀ ਪਾਰਟੀ ‘ਤੇ ਤਨਜ਼ ਕੱਸਦੇ ਦੇਖੇ ਜਾਂਦੇ ਹਨ | ਕਦੀ ਉਹ ਕਿਸਾਨਾਂ ਦਾ ਜ਼ਿਕਰ ਕਰਕੇ ਸਰਕਾਰ ‘ਤੇ ਹਮਲਾ ਬੋਲਦੇ ਹਨ ਤਾਂ ਕਦੀ ਬੇਰੁਜ਼ਗਾਰੀ ਦਾ ਮੁੱਖ ਉਠਾ ਕੇ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਲੈਂਦੇ ਹਨ | ਹੁਣ ਉਨ੍ਹਾ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ | ਅਸਲ ‘ਚ ਪੀਲੀਭੀਤ ‘ਚ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਵਰੁਣ ਗਾਂਧੀ ਪਹੁੰਚੇ ਸਨ | ਇਸ ਦੌਰਾਨ ਮੰਚ ‘ਤੇ ਉਨ੍ਹਾ ਨਾਲ ਇੱਕ ਸਾਧੂ ਵੀ ਖੜੇ ਸਨ | ਉਨ੍ਹਾ ਦੇ ਸੰਬੋਧਨ ਵਿਚਾਲੇ ਹੀ ਸਾਧੂ ਦਾ ਫੋਨ ਵੱਜ ਗਿਆ ਤੇ ਉਨ੍ਹਾ ਦੇ ਸਮਰਥਕ ਸਾਧੂ ਨੂੰ ਰੋਕਦੇ ਹਨ ਤਾਂ ਵਰੁਣ ਗਾਂਧੀ ਕਹਿੰਦੇ ਹਨ—ਰੋਕੋ ਮੱਤ, ਨਾ ਜਾਣੇ ਕਦੋਂ ਸਾਧੂ ਮਹਾਰਾਜ ਮੁੱਖ ਮੰਤਰੀ ਬਣ ਜਾਣ | ਸਮੇਂ ਦੀ ਗਤੀ ਦਾ ਕੋਈ ਪਤਾ ਨਹੀਂ, ਜੇ ਮਹਾਰਾਜ ਮੁੱਖ ਮੰਤਰੀ ਬਣ ਗਏ ਤਾਂ ਸਾਡਾ ਕੀ ਹੋਵੇਗਾ | ਵਰੁਣ ਗਾਂਧੀ ਦੇ ਇਸ ਤਨਜ਼ ਨੂੰ ਯੂ ਪੀ ਦੇ ਮੁੱਖ ਮੰਤਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਵਰੁਣ ਨੇ ਕਿਹਾ ਕਿ ਤੁਸੀਂ ਭੇਡ-ਚਾਲ ‘ਚ ਚੱਲ ਕੇ ਵੋਟ ਨਾ ਦਿਓ | ਕੋਈ ਆਏ ਅਤੇ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਾ ਦੇਵੇ ਤਾਂ ਉਸ ਨੂੰ ਹੀ ਵੋਟ ਨਾ ਦਿਓ | ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਵੋਟ ਦੇਣ ਤੋਂ ਬਾਅਦ ਇਨਸਾਨ ਨਹੀਂ ਸਿਰਫ਼ ਇੱਕ ਨੰਬਰ ਬਣ ਜਾਓ |





