‘ਇੰਡੀਆ’ ਗੱਠਜੋੜ ਦੀ 31 ਤੋਂ 1 ਸਤੰਬਰ ਤੱਕ ਮੁੰਬਈ ਵਿਖੇ ਤੀਜੀ ਬੈਠਕ ਹੋਣੀ ਹੈ। ਇਸ ਤੋਂ ਚੌਥੇ ਦਿਨ 5 ਸਤੰਬਰ ਨੂੰ ਛੇ ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਲਈ ਵੋਟਾਂ ਪੈਣਗੀਆਂ ਤੇ 8 ਨੂੰ ਨਤੀਜੇ ਆਉਣਗੇ।
ਇਨ੍ਹਾਂ ਸੀਟਾਂ ਵਿੱਚ ਤਿ੍ਰਪੁਰਾ ਦੀਆਂ ਦੋ ਤੇ ਝਾਰਖੰਡ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਉੱਤਰਾਖੰਡ ਤੇ ਕੇਰਲ ਦੀ ਇੱਕ-ਇੱਕ ਸੀਟ ਸ਼ਾਮਲ ਹੈ। ਤਿ੍ਰਪੁਰਾ ਦੀ ਬਾਕਸਨਗਰ ਸੀਟ ਸੀ ਪੀ ਐਮ ਦੇ ਵਿਧਾਇਕ ਸੈਮਸੂਲ ਹੱਕ ਦੀ ਮੌਤ ਤੇ ਧਨਪੁਰ ਸੀਟ ਭਾਜਪਾ ਦੇ ਵਿਧਾਇਕ ਪ੍ਰਤਿਮਾ ਭੌਮਿਕ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਸੀ। ਝਾਰਖੰਡ ਦੀ ਡੁਮਰੀ ਸੀਟ ਝਾਰਖੰਡ ਮੁਕਤੀ ਮੋਰਚੇ ਦੇ ਜਗਨਨਾਥ ਮਹਿਤੋ ਦੀ ਮੌਤ ਤੇ ਯੂ ਪੀ ਦੀ ਘੋਸੀ ਸੀਟ ਸਪਾ ਵਿਧਾਇਕ ਦਾਰਾ ਸਿੰਘ ਚੌਹਾਨ ਵੱਲੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਣ ਕਾਰਨ ਖਾਲੀ ਹੋਈ ਸੀ। ਪੱਛਮੀ ਬੰਗਾਲ ਦੀ ਧੁੱਪਗੁੜੀ ਸੀਟ ਭਾਜਪਾ ਦੇ ਬਿਛਣੂ ਪਾਂਡੇ ਤੇ ਉੱਤਰਾਖੰਡ ਦੀ ਬਾਗੇਸ਼ਵਰ ਸੀਟ ਭਾਜਪਾ ਦੇ ਚੰਦਨ ਰਾਮਦਾਸ ਦੀ ਮੌਤ ਕਾਰਨ ਅਤੇ ਕੇਰਲਾ ਦੀ ਪੁਥੂਪੱਲੀ ਸੀਟ ਕਾਂਗਰਸ ਦੇ ਓਮਨ ਚਾਂਡੀ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਸੀ।
ਤਿ੍ਰਪੁਰਾ ਦੀ ਬਾਕਸਨਗਰ ਸੀਟ ਤੋਂ ਸੀ ਪੀ ਐਮ ਨੇ ਮਿਜਾਨ ਹੁਸੈਨ ਤੇ ਭਾਜਪਾ ਨੇ ਤਫਜੁਲ ਹੁਸੈਨ ਨੂੰ ਟਿਕਟ ਦਿੱਤਾ ਹੈ। ਇਸੇ ਤਰ੍ਹਾਂ ਧਨਪੁਰ ਸੀਟ ਤੋਂ ਸੀ ਪੀ ਐਮ ਨੇ ਕੌਸ਼ਿਕ ਚੰਦਰ ਤੇ ਭਾਜਪਾ ਨੇ ਦੇਵ ਨਾਥ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਤੇ ਟਿਪਰਾ ਮੋਥਾ ਨੇ ਕਮਿਊਨਿਸਟ ਉਮੀਦਵਾਰਾਂ ਦੀ ਹਮੈਤ ਵਿੱਚ ਆਪਣੇ ਉਮੀਦਵਾਰ ਖੜ੍ਹੇ ਨਹੀਂ ਕੀਤੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਪਰਾ ਮੋਥਾ ਦੇ ਉਮੀਦਵਾਰਾਂ ਵੱਲੋਂ ਵੋਟਾਂ ਤੋੜੇ ਜਾਣ ਕਾਰਨ ਹੀ ਭਾਜਪਾ ਤਿ੍ਰਪੁਰਾ ਦੀ ਸੱਤਾ ਬਚਾਉਣ ਵਿੱਚ ਸਫ਼ਲ ਹੋਈ ਸੀ। ਉਸ ਸਮੇਂ ਬਾਕਸਨਗਰ ਸੀਟ ਤੋਂ ਟਿਪਰਾ ਮੋਥਾ ਦੇ 7.8 ਫ਼ੀਸਦੀ ਵੋਟ ਲੈ ਜਾਣ ਦੇ ਬਾਵਜੂਦ ਸੀ ਪੀ ਐਮ ਉਮੀਦਵਾਰ 50 ਫ਼ੀਸਦੀ ਤੋਂ ਵੱਧ ਵੋਟਾਂ ਲੈ ਕੇ ਵੱਡੇ ਫ਼ਰਕ ਨਾਲ ਜਿੱਤਿਆ ਸੀ। ਭਾਵੇਂ ਇਨ੍ਹਾਂ ਸੀਟਾਂ ਦੇ ਨਤੀਜੇ ਨਾਲ ਭਾਜਪਾ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈਣਾ ਪਰ ਕਮਿਊਨਿਸਟ-ਕਾਂਗਰਸ ਗੱਠਜੋੜ ਵਿੱਚ ਟਿਪਰਾ ਮੋਥਾ ਦੇ ਸ਼ਾਮਲ ਹੋਣ ਦਾ ਫਰੰਟ ਨੂੰ ਕਿੰਨਾ ਲਾਭ ਪੁੱਜਦਾ ਹੈ, ਇਸ ਦਾ ਪਤਾ ਜ਼ਰੂਰ ਲੱਗ ਜਾਵੇਗਾ।
ਝਾਰਖੰਡ ਦੀ ਡੁਮਰੀ ਸੀਟ ਝਾਰਖੰਡ ਮੁਕਤੀ ਮੋਰਚੇ ਦੇ ਦਬਦਬੇ ਵਾਲੀ ਸੀਟ ਹੈ। ਜਗਨਨਾਥ ਮਹਿਤੋ ਇਹ ਸੀਟ 2005 ਤੋਂ ਲਗਾਤਾਰ ਜਿੱਤਦੇ ਰਹੇ ਹਨ। ਜੇ ਐਮ ਐਮ ਵੱਲੋਂ ਉਨ੍ਹਾ ਦੀ ਪਤਨੀ ਬੇਬੀ ਦੇਵੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਸ ਨੂੰ ‘ਇੰਡੀਆ’ ਗੱਠਜੋੜ ਦੀ ਹਮੈਤ ਹੈ। ਐਨ ਡੀ ਏ ਵੱਲੋਂ ਟਿਕਟ ਆਜਸੂ ਦੀ ਯਸੋਦਾ ਦੇਵੀ ਨੂੰ ਦਿੱਤੀ ਗਈ ਹੈ। ਅਸਾਦੂਦੀਨ ਓਵੈਸੀ ਦੀ ਏ ਆਈ ਐਮ ਆਈ ਐਮ ਵੱਲੋਂ ਅਬਦੁੱਲ ਮੋਬੀਨ ਰਿਜ਼ਵੀ ਮੈਦਾਨ ਵਿੱਚ ਹਨ। ਪਿਛਲੀ ਵਾਰ ਉਸ ਨੇ 24 ਹਜ਼ਾਰ ਵੋਟ ਹਾਸਲ ਕੀਤੇ ਸਨ, ਪਰ ਇਸ ਦੇ ਬਾਵਜੂਦ ਜਗਨਨਾਥ ਮਹਿਤੋ ਜਿੱਤ ਗਏ ਸਨ। ਜਗਨਨਾਥ ਨੂੰ 37.80 ਫ਼ੀਸਦੀ, ਭਾਜਪਾ ਨੂੰ 19.60 ਫ਼ੀਸਦੀ ਤੇ ਆਜਸੂ ਨੂੰ 19.10 ਫ਼ੀਸਦੀ ਵੋਟ ਮਿਲੇ ਸਨ। ਇਸ ਵਾਰ ਭਾਜਪਾ ਤੇ ਆਜਸੂ ਇਕੱਠੀਆਂ ਹਨ। ਨਤੀਜਾ ਇਸ ਉੱਤੇ ਨਿਰਭਰ ਕਰੇਗਾ ਕਿ ਰਿਜਵੀ ‘ਇੰਡੀਆ’ ਦੀ ਵੋਟ ਨੂੰ ਕਿੰਨੀ ਸੰਨ੍ਹ ਲਾਉਂਦਾ ਹੈ।
ਉੱਤਰ ਪ੍ਰਦੇਸ਼ ਦੀ ਘੋਸੀ ਸੀਟ ਤੋਂ ਭਾਜਪਾ ਨੇ ਸਪਾ ਛੱਡ ਕੇ ਆਏ ਦਾਰਾ ਸਿੰਘ ਚੌਹਾਨ ਤੇ ਸਪਾ ਨੇ ਸੁਧਾਕਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਦਾਰਾ ਸਿੰਘ ਨੂੰ ਐਨ ਡੀ ਏ ਤੇ ਸੁਧਾਕਰ ਸਿੰਘ ਨੂੰ ‘ਇੰਡੀਆ’ ਦੀ ਹਮੈਤ ਹਾਸਲ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਮਾਜਵਾਦੀ ਉਮੀਦਵਾਰ ਨੂੰ 42.21 ਫੀਸਦੀ ਤੇ ਭਾਜਪਾ ਨੂੰ 33.57 ਫ਼ੀਸਦੀ ਵੋਟਾਂ ਮਿਲੀਆਂ ਸਨ। ਇਹ ਸੀਟ ਭਾਜਪਾ ਦਾ ਗੜ੍ਹ ਮੰਨੀ ਜਾਂਦੀ ਹੈ। ਜੇਕਰ ਇਹ ਸੀਟ ‘ਇੰਡੀਆ’ ਜਿੱਤ ਜਾਂਦਾ ਹੈ ਤੇ ਤਾਂ ਉਸ ਨੂੰ ਲੋਕ ਸਭਾ ਚੋਣਾਂ ਵਿੱਚ ਵੱਡੀ ਮਨੋਵਿਗਿਆਨਕ ਤਾਕਤ ਮਿਲੇਗੀ।
ਪੱਛਮੀ ਬੰਗਾਲ ਦੀ ਧੁੱਪਗੁੜੀ ਸੀਟ ਤੋਂ ਭਾਜਪਾ ਨੇ ਤਾਪਸੀ ਰਾਏ, ਟੀ ਐਮ ਸੀ ਨੇ ਪ੍ਰੋ. ਨਿਰਮਲ ਚੰਦ ਰਾਏ ਤੇ ਸੀ ਪੀ ਐਮ ਨੇ ਈਸ਼ਵਰ ਚੰਦਰ ਰਾਏ ਨੂੰ ਖੜ੍ਹਾ ਕੀਤਾ ਹੈ। ਕਾਂਗਰਸ ਸੀ ਪੀ ਐਮ ਦੀ ਹਮੈਤ ਕਰ ਰਹੀ ਹੈ। 1973 ਤੋਂ 2016 ਤੱਕ ਇਸ ਸੀਟ ਉੱਤੇ ਸੀ ਪੀ ਐਮ ਦਾ ਕਬਜ਼ਾ ਰਿਹਾ ਸੀ। ਉਪਰੰਤ ਇਹ ਸੀਟ ਟੀ ਐਮ ਸੀ ਕੋਲ ਚਲੀ ਗਈ ਸੀ, ਪਰ 2021 ਦੀਆਂ ਚੋਣਾਂ ਵਿੱਚ ਭਾਜਪਾ ਦੇ ਬਿਛਣੂ ਪਦ ਰਾਏ ਜਿੱਤ ਗਏ ਸਨ।
ਉੱਤਰਾਖੰਡ ਦੀ ਬਾਗੇਸ਼ਵਰ ਸੀਟ ਤੋਂ ਭਾਜਪਾ ਨੇ ਚੰਦਨ ਰਾਮਦਾਸ ਦੀ ਪਤਨੀ ਪਾਰਵਤੀ ਦੇਵੀ ਤੇ ਕਾਂਗਰਸ ਨੇ ਬਸੰਤ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਸਮਾਜਵਾਦੀ ਪਾਰਟੀ ਨੇ ਭਗਵਤੀ ਪ੍ਰਸਾਦ ਨੂੰ ਖੜ੍ਹਾ ਕੀਤਾ ਹੈ। ਇਹ ਸੀਟ ਭਾਜਪਾ ਦਾ ਗੜ੍ਹ ਮੰਨੀ ਜਾਂਦੀ ਹੈ। ਵਖਰਾ ਰਾਜ ਬਣਨ ਤੋਂ ਬਾਅਦ ਭਾਜਪਾ ਦੇ ਚੰਦਨ ਰਾਮਦਾਸ ਲਗਾਤਾਰ ਜਿੱਤਦੇ ਰਹੇ ਹਨ। ਕੇਰਲਾ ਦੀ ਪੁਥੂਪੱਲੀ ਸੀਟ ਤੋਂ ਕਾਂਗਰਸ ਦੇ ਓਮਨ ਚਾਂਡੀ ਲਗਾਤਾਰ 51 ਸਾਲ ਵਿਧਾਇਕ ਰਹੇ ਸਨ। ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਫਰੰਟ ਨੇ ਓਮਨ ਚਾਂਡੀ ਦੇ ਬੇਟੇ ਚਾਂਡੀ ਓਮਨ ਨੂੰ ਮੈਦਾਨ ਵਿੱਚ ਉਤਾਰਿਆ ਹੈ। ਖੱਬੇ ਫਰੰਟ ਨੇ ਜੈਕ ਸੀ ਥਾਮਸ ਨੂੰ ਉਮੀਦਵਾਰ ਬਣਾਇਆ ਹੈ। ਸੀ ਪੀ ਐਮ ਨੇ ਸਿਰਫ਼ ਇੱਕ ਵਾਰ 1967 ਵਿੱਚ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਭਾਜਪਾ ਨੇ ਜੀ ਲਿਜਿਨਲਾਲ ਨੂੰ ਖੜ੍ਹਾ ਕੀਤਾ ਹੈ। ਮੁੱਖ ਮੁਕਾਬਲਾ ਯੂ ਡੀ ਐਫ਼ ਤੇ ਐਲ ਡੀ ਐਫ ਵਿਚਕਾਰ ਹੈ। ਇਨ੍ਹਾਂ ਸੱਤਾਂ ਸੀਟਾਂ ਵਿੱਚੋਂ ਭਾਜਪਾ 6 ਸੀਟਾਂ ਲੜ ਰਹੀ ਹੈ ਤੇ ਇੱਕ ਉਸ ਨੇ ਭਾਈਵਾਲ ਆਜਸੂ ਲਈ ਛੱਡੀ ਹੈ। ਕਾਂਗਰਸ ਖੁਦ ਸਿਰਫ਼ ਦੋ ਸੀਟਾਂ ਉੱਤੇ ਲੜ ਰਹੀ ਹੈ। ਤਿੰਨ ਸੀਟਾਂ ਉੱਤੇ ਉਹ ਸੀ ਪੀ ਐਮ, ਇੱਕ ਉੱਤੇ ਝਾਰਖੰਡ ਮੁਕਤੀ ਮੋਰਚਾ ਤੇ ਇੱਕ ਉੱਤੇ ਸਮਾਜਵਾਦੀ ਪਾਰਟੀ ਦੀ ਹਮੈਤ ਕਰ ਰਹੀ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਭਾਵੇਂ ਸਰਕਾਰਾਂ ਉਤੇ ਕੋਈ ਅਸਰ ਨਹੀਂ ਪੈਣਾ, ਪਰ ਲੋਕਾਂ ਦੇ ਰੁਝਾਨ ਦਾ ਇੱਕ ਹੱਦ ਤੱਕ ਪਤਾ ਜ਼ਰੂਰ ਲੱਗ ਜਾਵੇਗਾ।
-ਚੰਦ ਫਤਿਹਪੁਰੀ



