ਸ੍ਰੀਨਗਰ : ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ ਡੀ ਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਬੇਟੀ ਇਲਤਜ਼ਾ ਮੁਫ਼ਤੀ ਨੇ ਰਾਜਨੀਤੀ ’ਚ ਰਸਮੀ ਤੌਰ ’ਤੇ ਕਦਮ ਰੱਖਿਆ ਹੈ। ਚਾਰ ਸਾਲ ਤੱਕ ਆਪਣੀ ਮਾਂ ਦਾ ਸੋਸ਼ਲ ਮੀਡਆ ਅਕਾਊਂਟ ਚਲਾਉਣ ਤੋਂ ਬਾਅਦ ਇਲਤਜ਼ਾ ਨੂੰ ਆਪਣੀ ਹੀ ਮਾਂ ਅਤੇ ਪੀ ਡੀ ਪੀ ਪ੍ਰਮੁੱਖ ਮਹਿਬੂਬਾ ਮੁਫ਼ਤੀ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। 35 ਸਾਲਾ ਇਲਤਜ਼ਾ ਦੀ ਨਿਯੁਕਤੀ ਦਾ ਫੈਸਲਾ ਪਾਰਟੀ ਦੇ ਸਿਖਰਲੇ ਨੇਤਾਵਾਂ ਦੇ ਪੱਧਰ ’ਤੇ ਲਿਆ ਗਿਆ ਹੈ।
ਪਾਰਟੀ ਦੇ ਇੱਕ ਬਿਆਨ ’ਚ ਕਿਹਾ, ‘ਜੰਮੂ-ਕਸ਼ਮੀਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਨੇ ਇਲਤਜ਼ਾ ਨੂੰ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਹੈ। ਇਲਤਜ਼ਾ 370 ਨੂੰ ਰੱਦ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦੀ ਆਵਾਜ਼ ਬਣ ਕੇ ਆਲੋਚਕ ਦੇ ਰੂਪ ’ਚ ਸਾਹਮਣੇ ਆਈ ਸੀ, ਜਦ ਜੰਮੂ ਕਸ਼ਮੀਰ ਦੇ ਮੁੱਖ ਧਾਰਾ ਦੇ ਨੇਤਾ ਸਲਾਖਾਂ ਦੇ ਪਿੱਛੇ ਸਨ।
ਇਲਤਜ਼ਾ ਨੇ ਆਪਣੀ ਨਿਯੁਕਤੀ ਤੋਂ ਬਾਅਦ ਕਿਹਾ, ‘ਇਸ ਸਮੇਂ ਜਦ ਜੰਮੂ-ਕਸ਼ਮੀਰ ਦੇ ਲੋਕ ਖੁਦ ਨੂੰ ਪੂਰੀ ਤਰ੍ਹਾਂ ਨਾਲ ਅਰਾਜਕਤਾ, ਨਿਰਾਸ਼ਾ ਅਤੇ ਹਨੇਰੇ ’ਚ ਫਸਿਆ ਹੋਇਆ ਪਾ ਰਹੇ ਹਨ, ਉਨ੍ਹਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਨੂੰ ਉਮੀਦ ਹੈ ਕਿ ਮੈਂ ਅੰਤਰ ਲਿਆ ਸਕਦੀ ਹਾਂ।’ ਇਲਤਜ਼ਾ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਪਾਰਟੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਸ ਸਮੇਂ ਜਦ ਜੰਮੂ-ਕਸ਼ਮੀਰ ਦੇ ਮੁੱਖ ਨੇਤਾਵਾਂ ਨੂੰ ਸੀਖਾਂ ਪਿੱਛੇ ਸੁੱਟਿਆ ਜਾ ਰਿਹਾ ਸੀ, ਉਦੋਂ ਇਲਜ਼ਤਾ ਹੀ ਸੀ, ਜਿਸ ਨੇ ਸਰਕਾਰ ਦੇ ਗੈਰ-ਕਾਨੂੰਨੀ ਤਰੀਕੇ ਨਾਲ ਧਾਰਾ 370 ਨੂੰ ਹਟਾਉਣ ਦੇ ਫੈਸਲੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਸੀ ਅਤੇ ਆਲੋਚਕ ਬਣ ਕੇ ਸਾਹਮਣੇ ਆਈ ਸੀ।




