ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਸ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੀਆਂ ਪੰਜ ਮਹਿਲਾ ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਪਹਿਲਾ ਮੌਕਾ ਹੈ, ਜਦ ਪੁਲਸ ਨੇ ਮਹਿਲਾ ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਪੰਜਾਬ ਪੁਲਸ ਦੇ ਕਾਊਂਟਰ ਟੈਰੇਰਿਜ਼ਮ ਵਿਭਾਗ ਨੇ ਦੱਸਿਆ ਕਿ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਲਾਹੌਰ ਅਤੇ ਸ਼ੇਖੂਪੁਰਾ ਤੋਂ ਇਨ੍ਹਾਂ ਪੰਜ ਔਰਤਾਂ ਨੂੰ ਗਿ੍ਰਫ਼ਤਾਰ ਕੀਤਾ। ਮਹਿਲਾ ਅੱਤਵਾਦੀਆਂ ਕੋਲੋਂ ਹਥਿਆਰ, ਨਗਦੀ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਇਹ ਆਈ ਐੱਸ ਆਈ ਐੱਸ ਦੀਆਂ ਸਰਗਰਮ ਮੈਂਬਰ ਹਨ ਅਤੇ ਦੇਸ਼ ’ਚ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਰਹੀਆਂ ਹਨ। ਗਿ੍ਰਫ਼ਤਾਰ ਮਹਿਲਾ ਅੱਤਵਾਦੀਆਂ ਦੀ ਪਛਾਣ ਏਮਨ, ਜਾਵੇਰੀਆ, ਸਾਦੀਆ ਅਤੇ ਫਾਖਰਾ ਦੇ ਰੂਪ ’ਚ ਕੀਤੀ ਗਈ ਹੈ। ਇਨ੍ਹਾਂ ਖਿਲਾਫ਼ ਅੱਤਵਾਦ ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਮਹੀਨੇ ਸੀ ਟੀ ਡੀ ਨੇ 20 ਤੋਂ ਵੱਧ ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਸੀ, ਜੋ ਦੇਸ਼ ’ਚ ਮਹੱਤਵਪੂਰਨ ਟਿਕਾਣਿਆਂ ਅਤੇ ਧਾਰਮਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ’ਚੋਂ ਜ਼ਿਆਦਾਤਰ ਪਾਬੰਦੀਸ਼ੁਦਾ ਤਹਿਰੀਕ ਏ ਤਾਲਿਬਾਨ ਪਾਕਿਸਤਾਨ ਅਤੇ ਆਈ ਐੱਸ ਆਈ ਐੱਸ ਨਾਲ ਸੰਬੰਧਤ ਸਨ।




