ਮੁੰਬਈ : ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ’ਚ ਮਰਾਠਾ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਲੋਕ ਹਿੰਸਕ ਹੋ ਗਏ। ਇਸ ਦੇ ਚਲਦੇ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ, ਜਿਸ ’ਚ 20 ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਲਾਠੀਚਾਰਜ ਦੇ ਵਿਰੋਧ ’ਚ ਪ੍ਰਦਰਸ਼ਨਕਾਰੀਆਂ ਨੇ ਪੁਲਸ ’ਤੇ ਪਥਰਾਅ ਕੀਤਾ, ਜਿਸ ’ਚ 18 ਪੁਲਸ ਵਾਲੇ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਧੂਲੇ-ਸੋਲਾਪੁਰ ਹਾਈਵੇ ਬੰਦ ਕਰ ਦਿੱਤਾ ਅਤੇ ਕਈ ਸਰਕਾਰੀ ਬੱਸਾਂ ਨੂੰ ਅੱਗ ਲਾ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਅੰਬਾਡ ਤਹਿਸੀਲ ਦੇ ਧੂਲੇ-ਸੋਲਾਪੁਰ ਰੋਡ ’ਤੇ ਅੰਤਰਵਰਲੀ ਸਾਰਥੀ ਪਿੰਡ ਦੀ ਹੈ। ਇਲਾਕੇ ’ਚ ਵਾਧੂ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਮਰਾਠਾ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ 29 ਅਗਸਤ ਤੋਂ ਮਰਾਠਾ ਮਾਰਚ ਦੇ ਕਨੀਵਨਰ ਮਨੋਜ ਜਾਰਾਂਗੇ ਸਮੇਤ 10 ਲੋਕ ਭੁੱਖ ਹੜਤਾਲ ’ਤੇ ਬੈਠੇ ਸਨ। ਪੁਲਸ ਨੇ ਉਸ ਦੀ ਸਿਹਤ ਨੂੰ ਦੇਖਦੇ ਹੋਏ ਧਰਨਾ ਖ਼ਤਮ ਕਰਨ ਲਈ ਉਨ੍ਹਾ ਨੂੰ ਹਿਰਾਸਤ ’ਚ ਲੈਣ ਦੀ ਕੋਸ਼ਿਸ਼ ਕੀਤੀ।
ਉਨ੍ਹਾ ਇਸ ਦਾ ਵਿਰੋਧ ਕੀਤਾ। ਦੋਵੇਂ ਪਾਸੇ ਤਣਾਅ ਵਧਣ ਤੋਂ ਬਾਅਦ ਪੁਲਸ ਨੇ ਭੀੜ ਨੂੰ ਤਿਤਰ-ਬਿਤਰ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਇਸ ’ਤੇ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਸ਼ੁੁਰੂ ਕਰ ਦਿੱਤਾ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਪੁਲਸ ਨੇ ਹਵਾ ’ਚ ਕੁਝ ਰੌਂਦ ਫਾਇਰਿੰਗ ਕੀਤੀ, ਪਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਘਟਨਾ ਤੋਂ ਬਾਅਦ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮਰਾਠਾ ਸਮਾਜ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ, ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਮਰਾਠਾ ਸਮਾਜ ਨੂੰ ਰਾਖਵਾਂਕਰਨ ਮਿਲੇ, ਇਹ ਸਾਰਿਆਂ ਦਾ ਉਦੇਸ਼ ਹੈ।




