ਵਾਸ਼ਿੰਗਟਨ : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਭਾਰਤ ਨਹੀਂ ਆ ਰਹੇ। ਉਨ੍ਹਾ ਦੀ ਜਗ੍ਹਾ ਚੀਨ ਦੇ ਪ੍ਰੀਮੀਅਰ ਪ੍ਰਧਾਨ ਮੰਤਰੀ ਲੀ ਕਿਯਾਂਗ ਜੀ-20 ਸਿਖਰ ਸੰਮੇਲਨ ’ਚ ਸ਼ਾਮਲ ਹੋਣਗੇ। ਇਸ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਨਿਰਾਸ਼ਾ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਹਫਤੇ ਭਾਰਤ ਜਾਣ ਲਈ ਕਾਫੀ ਉਤਸੁਕ ਹਨ, ਪਰ ਨਿਰਾਸ਼ ਵੀ ਹਨ ਕਿ ਉਨ੍ਹਾ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਵੀਂ ਦਿੱਲੀ ’ਚ ਹੋਣ ਵਾਲੇ ਜੀ-20 ਸੰਮੇਲਨ ’ਚ ਸ਼ਾਮਲ ਨਹੀਂ ਹੋਣਗੇ। ਵ੍ਹਾਈਟ ਹਾਊਸ ਨੇ ਐਲਾਨ ਕੀਤਾ ਸੀ ਕਿ ਬਾਇਡਨ ਜੀ-20 ਸੰਮੇਲਨ ’ਚ ਹਿੱਸਾ ਲੈਣ ਲਈ 7 ਸਤੰਬਰ ਨੂੰ ਭਾਰਤ ਆਉਣਗੇ ਅਤੇ 8 ਸਤੰਬਰ ਨੂੰ ਇਸ ਇਤਿਹਾਸਕ ਸਮਾਗਮ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ।




