‘ਇੰਡੀਆ’ ਗੱਠਜੋੜ ਦੀ ‘ਭਾਜਪਾ’ ਨੂੰ ਪਹਿਲੀ ਪਟਕਣੀ

0
212

ਨਵੀਂ ਦਿੱਲੀ : ਦੇਸ਼ ‘ਚ ‘ਇੰਡੀਆ’ ਅਤੇ ਐਨ ਡੀ ਏ ਗੱਠਜੋੜ ਦੇ ਸ਼ਕਤੀ ਪ੍ਰਦਰਸ਼ਨ ਵਿਚਾਲੇ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣ ਹੋਈ | ਭਾਜਪਾ ਨੂੰ 7 ਸੀਟਾਂ ‘ਚੋਂ 3 ‘ਤੇ ਜਿੱਤ ਮਿਲੀ ਜਦਕਿ ‘ਇੰਡੀਆ’ ਗੱਠਜੋੜ ਦੇ ਖਾਤੇ ‘ਚ ਚਾਰ ਸੀਟਾਂ ਗਈਆਂ | ਯੂ ਪੀ ਦੇ ਘੋਸੀ ਤੋਂ ਉਹ ਸਪਾ ਨਾਲ ਮੁਕਾਬਲੇ ‘ਚ ਵੱਡੇ ਫਰਕ ਨਾਲ ਹਾਰ ਗਈ | ਇਸ ਤੋਂ ਇਲਾਵਾ ਟੀ ਐਮ ਸੀ, ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ ਨੂੰ ਵੀ ਇੱਕ-ਇੱਕ ਸੀਟ ਮਿਲੀ | ਇੰਡੀਆ ਅਤੇ ਐਨ ਡੀ ਏ ਦੀ ਪਹਿਲੀ ਲੜਾਈ ਕਹੀ ਜਾਣ ਵਾਲੀ ਘੋਸੀ ਵਿਧਾਨ ਸਭਾ ਸੀਟ ਸਪਾ ਨੇ ਜਿੱਤ ਲਈ ਹੈ | ਸਪਾ ਦੇ ਸੁਧਾਕਰ ਸਿੰਘ ਨੇ ਭਾਜਪਾ ਦੇ ਦਾਰਾ ਸਿੰਘ ਚੌਹਾਨ ਨੂੰ ਵੱਡੇ ਅੰਤਰ ਨਾਲ ਹਰਾ ਦਿੱਤਾ | ਸਪਾ ਉਮੀਦਵਾਰ ਸੁਧਾਕਰ ਸਿੰਘ ਨੇ ਭਾਜਪਾ ਦੇ ਦਾਰਾ ਸਿੰਘ ਨੂੰ 42673 ਵੋਟਾਂ ਨਾਲ ਹਰਾਇਆ | ਲਗਾਤਾਰ 34 ਰਾਊਾਡ ਦੀ ਗਿਣਤੀ ਤੋਂ ਬਾਅਦ ਸਪਾ ਦੇ ਸੁਧਾਕਰ ਸਿੰਘ ਨੂੰ 124294 ਵੋਟ ਮਿਲੇ, ਜਦਕਿ ਭਾਜਪਾ ਦੇ ਦਾਰਾ ਸਿੰਘ ਨੂੰ 81623 ਵੋਟ ਮਿਲੇ | ਜਿੱਤ ਨੂੰ ਲੈ ਕੇ ਅਖਿਲੇਸ਼ ਯਾਦਵ ਨੇ ਕਿਹਾ, ਇਹ ਝੂਠੇ ਪ੍ਰਚਾਰ ਅਤੇ ਜੁਮਲਾ ਜੀਵੀਆ ਦੀ ਹਾਰ ਹੈ | ਇਹ ਦਲ ਬਦਲ-ਘਰ ਬਦਲ ਦੀ ਸਿਆਸਤ ਕਰਨ ਵਾਲਿਆਂ ਦੀ ਹਾਰ ਹੈ | ਉਨ੍ਹਾ ਕਿਹਾ ਕਿ ਇਹ ਨਤੀਜਾ ਭਾਜਪਾ ਦਾ ਹੰਕਾਰ ਅਤੇ ਘਮੰਡ ਨੂੰ ਚਕਨਾਚੂਰ ਕਰਨ ਵਾਲਾ ਹੈ | ਇਹ ਇੱਕ ਇਸ ਤਰ੍ਹਾਂ ਦੀ ਚੋਣ ਹੈ, ਜਿਸ ‘ਚ ਜਿੱਤਿਆ ਤਾਂ ਇੱਕ ਵਿਧਾਇਕ ਹੈ, ਪਰ ਹਾਰੇ ਕਈ ਮੁੱਖ ਮੰਤਰੀ ਹਨ | ‘ਇੰਡੀਆ’ ਟੀਮ ਹੈ ਅਤੇ ਪੀ ਡੀ ਏ ਰਣਨੀਤੀ | ਜਿੱਤ ਦਾ ਇਹ ਸਾਡਾ ਨਵਾਂ ਫਾਰਮੂਲਾ ਸਫ਼ਲ ਸਾਬਿਤ ਹੋਇਆ ਹੈ | ਇਹ ਭਾਜਪਾ ਸਰਕਾਰ ‘ਚ ਲਗਾਤਾਰ ਵਧਦੀ ਮਹਿੰਗਾਈ ਅਤੇ ਲਗਾਤਾਰ ਘਟਦੀ ਕਮਾਈ ਦੀ ਦੋਹਰੀ ਮਾਰ ਝੱਲ ਰਹੇ ਪਰਵਾਰਾਂ ਦਾ ਗੁੱਸਾ ਹੈ, ਜਿਸ ਨੇ ਵੋਟ ਬਣ ਕੇ ਭਾਜਪਾ ਨੂੰ ਹਰਾਇਆ ਹੈ | ਘੋਸੀ ਦੀ ਜਨਤਾ ਨੂੰ ਧੰਨਵਾਦ, ਸੁਧਾਕਰ ਸਿੰਘ ਨੂੰ ਜਿੱਤ ਦੀ ਵਧਾਈ | ਉਥੇ ਹੀ ਸ਼ਿਵਪਾਲ ਯਾਦਵ ਨੇ ਲਿਖਿਆ ਕਿ ਸਮਾਜਵਾਦੀ ਪਾਰਟੀ ਜ਼ਿੰਦਾਬਾਦ, ਅਖਿਲੇਸ਼ ਯਾਦਵ ਜ਼ਿੰਦਾਬਾਦ | ਭਾਜਪਾ ਨੇ ਇਸ ਸੀਟ ਨੂੰ ਜਿੱਤਣ ਲਈ ਮੰਤਰੀਆਂ ਦੀ ਪੂਰੀ ਫੌਜ ਉਤਾਰੀ ਸੀ | ਕਰੀਬ ਦੋ ਦਰਜਨ ਮੰਤਰੀ ਲਗਾਤਾਰ ਇੱਥੇ ਰੈਲੀਆਂ ਕਰ ਰਹੇ ਸਨ | ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਭੁਪਿੰਦਰ ਸਿੰਘ ਚੌਹਾਨ, ਦੋਵੇਂ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਅਤੇ ਬ੍ਰਜੇਸ਼ ਪਾਠਕ ਨੇ ਵੀ ਕਈ ਦਿਨਾਂ ਤੱਕ ਪ੍ਰਚਾਰ ਕੀਤਾ ਸੀ | ਓ ਪੀ ਰਾਜਭਰ, ਅਸ਼ੀਸ਼ ਪਟੇਲ, ਸੰਜੇ ਨਿਸ਼ਾਦ ਨੇ ਵੀ ਆਪਣੀ ਜਾਤੀ ਦੇ ਵੋਟਰਾਂ ਨੂੰ ਲੁਭਾਉਣ ਲਈ ਲਗਾਤਾਰ ਦੌਰ ਕੀਤੇ ਸਨ | ਪੱਛਮ ਬੰਗਾਲ ‘ਚ ਵੀ ਭਾਜਪਾ ਨੂੰ ਜ਼ੋਰ ਦਾ ਝਟਕਾ ਲੱਗਾ ਹੈ | ਧੁਪਗੁੜੀ ਵਿਧਾਨ ਸਭਾ ਸੀਟ ‘ਤੇ ਹੋਈ ਚੋਣ ‘ਚ ਭਾਜਪਾ ਉਮੀਦਵਾਰ ਤਾਪਸੀ ਰਾਓ ਚਾਰ ਹਜ਼ਾਰ ਤੋਂ ਵੱਧ ਵੋਟਾਂ ਨਾਲ ਚੋਣ ਹਾਰ ਗਈ | ਤਾਪਸੀ ਰਾਓ ਜੰਮੂ ਕਸ਼ਮੀਰ ‘ਚ ਸ਼ਹੀਦ ਹੋਏ ਸੀ ਆਰ ਪੀ ਐਫ਼ ਦੇ ਇੱਕ ਜਵਾਨ ਦੀ ਵਿਧਵਾ ਹੈ | ਉਨ੍ਹਾ ਨੂੰ ਟੀ ਐਮ ਸੀ ਦੇ ਨਿਰਮਲ ਚੰਦਰ ਰਾਓ ਨੇ ਹਰਾਇਆ | ਨਿਰਮਲ ਚੰਦਰ ਰਾਓ ਨੂੰ 96,961 ਵੋਟਾਂ ਮਿਲੀਆਂ ਤੇ ਤਾਪਸੀ ਰਾਓ ਨੂੰ 92,648 ਵੋਟਾਂ ਮਿਲੀਆਂ | ਨਿਰਮਲ ਚੰਦ ਰਾਓ ਇੱਕ ਕਾਲਜ ‘ਚ ਪੜ੍ਹਾਉਂਦੇ ਹਨ | ਧੁਪਗੁੜੀ ਵਿਧਾਨ ਸਭਾ ਜ਼ਿਮਨੀ ਚੋਣ ‘ਚ ਮਿਲੀ ਹਾਰ ਭਾਜਪਾ ਲਈ ਇਸ ਲਈ ਵੀ ਚਿੰਤਾਜਨਕ ਹੈ, ਕਿਉਂਕਿ 2021 ਤੋਂ ਬਾਅਦ ਪੱਛਮੀ ਬੰਗਾਲ ‘ਚ ਜਿੰਨੀਆਂ ਵੀ ਜ਼ਿਮਨੀ ਚੋਣਾਂ ਹੋਈਆਂ, ਉਨ੍ਹਾਂ ‘ਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਸੂਬਾ ਵਿਧਾਨ ਸਭਾ ‘ਚ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ 77 ਤੋਂ ਘਟ ਕੇ 74 ‘ਤੇ ਆ ਗਈ ਹੈ | ਭਾਜਪਾ ਦੇ 6 ਵਿਧਾਇਕ ਪਾਲਾ ਬਦਲ ਕੇ ਟੀ ਐਮ ਸੀ ‘ਚ ਸ਼ਾਮਲ ਹੋ ਗਏ, ਪਰ ਉਨ੍ਹਾਂ ਨੇ ਹਾਲੇ ਤੱਕ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਨਹੀਂ ਦਿੱਤਾ |
ਜ਼ਿਮਨੀ ਚੋਣ ‘ਚ ਮਿਲੀ ਜਿੱਤ ਤੋਂ ਬਾਅਦ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ਉਤਰੀ ਬੰਗਾਲ ਸਾਡੇ ਨਾਲ ਹੈ | ਧੁਪਗੁੜੀ ਦੀ ਸੀਟ ‘ਤੇ ਭਾਜਪਾ ਨੇ ਵਿਧਾਨ ਸਭਾ ਚੋਣ ਜਿੱਤੀ ਸੀ, ਹੁਣ ਜ਼ਿਮਨੀ ਚੋਣ ‘ਚ ਜਨਤਾ ਨੇ ਸਾਨੂੰ ਚੁਣਿਆ ਹੈ | ਉਨ੍ਹਾ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ, ‘ਜਿੱਥੇ ਵੀ ਭਾਜਪਾ ਹਾਰੀ ਹੈ ਅਤੇ ਇੰਡੀਆ ਗੱਠਜੋੜ ਨੂੰ ਜਿੱਤ ਮਿਲੀ ਹੈ, ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦੀ ਹੈ |’ ਕੇਰਲ ਦੀ ਪੁਥੂਪੱਲੀ ਸੀਟ ‘ਤੇ ਕਾਂਰਗਸ ਦੇ ਚਾਂਡੀ ਆਮਨ ਨੇ 37 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਸੀ ਪੀ ਆਈ ਐਮ ਦੇ ਜੈਕ ਸੀ ਥਾਮਸ ਨੂੰ ਹਰਾ ਦਿੱਤਾ | ਕਾਂਗਰਸ ਉਮੀਦਵਾਰ ਚਾਂਡੀ ਨੂੰ ਕੁੱਲ 80144 ਵੋਟਾਂ ਪ੍ਰਾਪਤ ਹੋਈਆਂ ਉਥੇ ਹੀ ਸੀ ਪੀ ਆਈ ਐਮ ਉਮੀਦਵਾਰ ਨੂੰ 42425 ਵੋਟਾਂ ਮਿਲੀਆਂ | ਉਨ੍ਹਾ ਕਿਹਾ ਕਿ ਇਸ ਜਿੱਤ ਦਾ ਸਿਹਰਾ ਮੇਰੇ ਮਰਹੂਮ ਪਿਤਾ ਦੀ 13ਵੀਂ ਜਿੱਤ ਨੂੰ ਹੈ | ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਓਮਾਨ ਚਾਂਡੀ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ | ਇੱਥੇ ਕਾਂਗਰਸ ਨੇ ਓਮਾਨ ਚਾਂਡੀ ਦੇ ਬੇਟੇ ਨੂੰ ਮੈਦਾਨ ‘ਚ ਉਤਾਰਿਆ ਸੀ | ਭਾਜਪਾ ਵੱਲੋਂ ਸੀਨੀਅਰ ਨੇਤਾ ਲਿਜਿਨ ਲਾਲ ਚੋਣ ਮੈਦਾਨ ‘ਚ ਸਨ |
ਡੁਮਰੀ ਵਿਧਾਨ ਸਭਾ ਦੀ ਜ਼ਿਮਨੀ ਚੋਣ ‘ਚ ਝਾਰਖੰਡ ਮੁਕਤੀ ਮੋਰਚਾ ਦੀ ਉਮੀਦਵਾਰ ਬੇਬੀ ਦੇਵੀ ਨੇ ਭਾਜਪਾ ਐਨ ਡੀ ਏ ਉਮੀਦਵਾਰ ਯਸ਼ੋਦਾ ਦੇਵੀ ਨੂੰ 17,156 ਵੋਟਾਂ ਨਾਲ ਮਾਤ ਦਿੱਤੀ | ਇਸ ਜਿੱਤ ‘ਤੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਡੁਮਰੀ ਵਿਧਾਨ ਸਭਾ ਦੀ ਜਨਤਾ ਅਤੇ ਗੱਠਜੋੜ ਦੇ ਸਾਰੇ ਨੇਤਾ ਅਤੇ ਵਰਕਰਾਂ ਦਾ ਧੰਨਵਾਦ ਕੀਤਾ | ਉਨ੍ਹਾ ਕਿਹਾ, ਭਾਜਪਾ ਅਤੇ ਆਜਸੂ ਦੇ ਹੰਕਾਰ ਦਾ ਹੁਣ ਝਾਰਖੰਡ ‘ਚੋਂ ਸਫਾਇਆ ਹੋਣਾ ਤੈਅ ਹੈ |
ਉਤਰਾਖੰਡ ਦੀ ਬਾਗੇਸ਼ਵਰ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ‘ਚ ਭਾਜਪਾ ਦੀ ਉਮੀਦਵਾਰ ਪਾਰਵਤੀ ਦਾਸ ਨੇ ਕਾਂਗਰਸ ਦੇ ਬਸੰਤ ਕੁਮਾਰ ਨੂੰ ਹਰਾ ਦਿੱਤਾ | ਪਾਰਵਤੀ ਦਾਸ ਨੇ ਕਾਂਗਰਸ ਨੇਤਾ ਨੂੰ 2810 ਵੋਟਾਂ ਨਾਲ ਹਰਾਇਆ | ਕੁਮਾਊਾ ਮੰਡਲ ਦੀ ਇਸ ਸੀਟ ‘ਤੇ 5 ਸਤੰਬਰ ਨੂੰ ਵੋਟਿੰਗ ਹੋਈ ਸੀ, ਜਿਸ ‘ਚ ਕਰੀਬ 55.44 ਫੀਸਦੀ ਵੋਟਿੰਗ ਹੋਈ ਸੀ | ਦੋ ਦਹਾਕਿਆਂ ਤੋਂ ਇਸ ਵਿਧਾਨ ਸਭਾ ਸੀਟ ‘ਤੇ ਭਾਜਪਾ ਜਿੱਤ ਦਰਜ ਕਰਦੀ ਆ ਰਹੀ ਹੈ | ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮੰਤਰੀ ਮੰਡਲ ‘ਚ ਆਵਾਜਾਈ ਮੰਤਰੀ ਰਹੇ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਚੰਦਨ ਰਾਮਦਾਸ ਦਾ ਇਸ ਸਾਲ ਅਪ੍ਰੈਲ ‘ਚ ਬਿਮਾਰੀ ਕਾਰਨ ਦੇਹਾਂਤ ਹੋ ਜਾਣ ਕਾਰਨ ਇਹ ਸੀਟ ਖਾਲੀ ਹੋਈ ਸੀ, ਜਿਸ ‘ਤੇ ਜ਼ਿਮਨੀ ਚੋਣ ਕਰਾਈ ਗਈ | ਭਾਜਪਾ ਨੇ ਚੰਦਨ ਰਾਮਦਾਸ ਦੀ ਪਤਨੀ ਪਾਰਵਤੀ ਦਾਸ ਨੂੰ ਚੋਣ ਮੈਦਾਨ ‘ਚ ਉਤਾਰਿਆ ਸੀ, ਜਦਕਿ ਕਾਂਗਰਸ ਨੇ ਉਨ੍ਹਾ ਵਿਰੁੱਧ ਬਸੰਤ ਕੁਮਾਰ ਨੂੰ ਟਿਕਟ ਦਿੱਤਾ ਸੀ |
ਇਸੇ ਤਰ੍ਹਾਂ ਤਿ੍ਪੁਰਾ ਦੀ ਧਾਨਪੁਰ ਅਤੇ ਬਾਕਸਨਗਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ‘ਚ ਭਾਜਪਾ ਦੇ ਉਮੀਦਵਾਰ ਨੇ ਆਪਣੇ ਵਿਰੋਧੀ ਸੀ ਪੀ ਆਈ ਐਮ ਦੇ ਉਮੀਦਵਾਰ ਨੂੰ ਹਰਾ ਦਿੱਤਾ | ਧਾਨਪੁਰ ਸੀਟ ‘ਤੇ ਦੋਵਾਂ ਵਿਚਾਲੇ ਅੰਤਰ 19 ਹਜ਼ਾਰ ਦੇ ਕਰੀਬ ਰਿਹਾ | ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਸੀਟਾਂ ‘ਤੇ ਕਾਂਗਰਸ ਨੇ ਆਪਣਾ ਉਮੀਦਵਾਰ ਨਹੀਂ ਸੀ ਉਤਾਰਿਆ | ਆਪਣਾ ਸਮਰਥਨ ਸੀ ਪੀ ਆਈ ਐਮ ਨੂੰ ਦਿੱਤਾ ਸੀ | ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਤੀਜੇ ਅਨੁਸਾਰ ਭਾਜਪਾ ਉਮੀਦਵਾਰ ਤਫ਼ਜਲ ਹੁਸੈਨ ਨੇ ਬਾਕਸਨਗਰ ਸੀਟ ‘ਤੇ 30237 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਮਿਜਾਨ ਹੁਸੈਨ ਨੂੰ ਸਿਰਫ਼ 3909 ਵੋਟਾਂ ਮਿਲੀਆਂ | ਇਸ ਸੀਟ ‘ਤੇ ਕਰੀਬ 66 ਫੀਸਦੀ ਵੋਟਰ ਘੱਟ ਗਿਣਤੀ ਹਨ |
ਤਿ੍ਪੁਰਾ ਦੀ ਧਨਪੁਰ ਵਿਧਾਨ ਸਭਾ ਸੀਟ ‘ਤੇ ਹੋਏ ਚੋਣ ‘ਚ ਭਾਜਪਾ ਦੀ ਉਮੀਦਵਾਰ ਬਿੰਦੂ ਦੇਬਨਾਥ ਦੀ ਜਿੱਤ ਹੋਈ, ਜਦਕਿ ਇੱਥੇ ਦੂਜੇ ਨੰਬਰ ‘ਤੇ ਸੀ ਪੀ ਆਈ ਐਮ ਦੇ ਕੌਸ਼ਿਕ ਚੰਦਾ ਰਹੇ | ਭਾਜਪਾ ਦੀ ਉਮੀਦਵਾਰ ਬਿੰਦੂ ਦੇਬਨਾਥ ਨੂੰ 70.35 ਫੀਸਦੀ ਵੋਟ ਸ਼ੇਅਰ ਦੇ ਨਾਲ ਕੁੱਲ 30017 ਵੋਟਾਂ ਮਿਲੀਆਂ, ਜਦਕਿ ਸੀ ਪੀ ਆਈ ਐਮ ਦੇ ਕੌਸ਼ਿਕ ਚੰਦਾ ਨੂੰ 11146 ਵੋਟਾਂ ਪ੍ਰਾਪਤ ਹੋਈਆਂ, ਉਨ੍ਹਾ ਨੂੰ 26.12 ਫੀਸਦੀ ਵੋਟ ਮਿਲੇ | ਭਾਜਪਾ ਉਮੀਦਵਾਰ ਨੂੰ ਸੀ ਪੀ ਆਈ ਐਮ ਉਮੀਦਵਾਰ ਨਾਲੋਂ 18871 ਵੋਟ ਵੱਧ ਮਿਲੇ |
ਦੂਜੇ ਪਾਸੇ ਵੋਟਿੰਗ ਦੌਰਾਨ ਵੱਡੇ ਪੈਮਾਨੇ ‘ਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਸੀ ਪੀ ਆਈ ਐਮ ਨੇ ਗਿਣਤੀ ਦਾ ਬਾਈਕਾਟ ਕੀਤਾ ਸੀ | ਇਨ੍ਹਾਂ ਦੋਵਾਂ ਸੀਟਾਂ ‘ਤੇ ਭਾਜਪਾ ਅਤੇ ਸੀ ਪੀ ਆਈ ਐਮ ਵਿਚਾਲੇ ਹੀ ਮੁਕਾਬਲਾ ਸੀ, ਕਿਉਂਕਿ ਦੋ ਹੋਰ ਦਲਾਂ ਟਿਪਰਾ ਮੋਥਾ ਅਤੇ ਕਾਂਗਰਸ ਨੇ ਕੋਈ ਉਮੀਦਵਾਰ ਨਹੀਂ ਉਤਾਰਿਆ |

LEAVE A REPLY

Please enter your comment!
Please enter your name here