ਇੰਡੀਆ ਬਨਾਮ ਭਾਰਤ

0
200

ਇੰਡੀਆ ਤੇ ਭਾਰਤ ਨਾਵਾਂ ਬਾਰੇ ਇਸ ਵੇਲੇ ਭਾਜਪਾ ਤੇ ਵਿਰੋਧੀ ਦਲਾਂ ਵਿੱਚ ਘਮਸਾਨ ਮੱਚਿਆ ਹੋਇਆ ਹੈ | ਜੀ-20 ਸਿਖ਼ਰ ਸੰਮੇਲਨ ਦੇ ਮਹਿਮਾਨਾਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਭੇਜੇ ਗਏ ਸੱਦਾ ਪੱਤਰ ਵਿੱਚ ਪ੍ਰੈਜ਼ੀਡੈਂਟ ਆਫ਼ ਇੰਡੀਆ ਦੀ ਥਾਂ ਪ੍ਰੈਜ਼ੀਡੈਂਟ ਆਫ਼ ਭਾਰਤ ਲਿਖਿਆ ਗਿਆ ਸੀ | ਇਸ ਤੋਂ ਬਾਅਦ ਭਾਜਪਾ ਦੇ ਆਗੂਆਂ, ਮੰਤਰੀਆਂ ਤੇ ਸੰਤਰੀਆਂ ਵੱਲੋਂ ਇਸ ਕਵਾਇਦ ਦਾ ਸਵਾਗਤ ਸ਼ੁਰੂ ਹੋ ਗਿਆ | ਇਸ ਨਾਲ ਦੇਸ਼ ਭਰ ਵਿੱਚ ਇਹ ਸੰਦੇਸ਼ ਗਿਆ ਕਿ ਮੋਦੀ ਸਰਕਾਰ ਦੇਸ਼ ਦਾ ਨਾਂਅ ਇੰਡੀਆ ਤੋਂ ਬਦਲ ਕੇ ਭਾਰਤ ਕਰਨਾ ਚਾਹੁੰਦੀ ਹੈ | ਇਸ ਤੋਂ ਬਾਅਦ ਪ੍ਰਾਈਮ ਮਨਿਸਟਰ ਆਫ਼ ਭਾਰਤ ਦਾ ਪੱਤਰ ਵੀ ਸਾਹਮਣੇ ਆ ਗਿਆ | ਇਸ ਉੱਤੇ ਵਿਰੋਧੀ ਧਿਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਿਉਂਕਿ ਉਨ੍ਹਾਂ ਦੇ ਗੱਠਜੋੜ ਦਾ ਨਾਂਅ ਇੰਡੀਆ ਹੈ, ਇਸ ਲਈ ਡਰਦੀ ਭਾਜਪਾ ਦੇਸ਼ ਦਾ ਨਾਂਅ ਹੀ ਬਦਲ ਦੇਣਾ ਚਾਹੁੰਦੀ ਹੈ |
ਭਾਜਪਾ ਵਾਲੇ ਇਸ ਬਾਰੇ ਮੋਦੀ ਦੇ ਕਹਿਣ ਉੱਤੇ ਚੁੱਪ ਵੱਟ ਗਏ ਹਨ | ਸਰਕਾਰ ਹਾਲੇ ਤੱਕ ਸੰਸਦ ਦੇ 18 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ੇਸ਼ ਸਮਾਗਮ ਦੇ ਏਜੰਡੇ ਬਾਰੇ ਚੁੱਪ ਹੈ, ਇਸ ਲਈ ਸ਼ੰਕੇ ਉੱਠਣੇ ਲਾਜ਼ਮੀ ਹਨ | ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਭਾਜਪਾ ਨੇ 2004 ਵਿੱਚ ਭਾਰਤ ਨਾਂਅ ਰੱਖੇ ਜਾਣ ਦਾ ਵਿਰੋਧ ਕੀਤਾ ਸੀ | ‘ਮਿੰਟ’ ਦੀ ਰਿਪੋਰਟ ਮੁਤਾਬਕ 2004 ਵਿੱਚ ਯੂ ਪੀ ਦੇ ਤਤਕਾਲੀ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਕੈਬਨਿਟ ਨੇ ਇਹ ਮਤਾ ਪਾਸ ਕੀਤਾ ਸੀ ਕਿ ਸੰਵਿਧਾਨ ਵਿੱਚ ਸੋਧ ਕਰਕੇ ‘ਇੰਡੀਆ ਦੈਟ ਇਜ਼ ਭਾਰਤ’ ਦੀ ਥਾਂ ‘ਭਾਰਤ ਦੈਟ ਇਜ਼ ਇੰਡੀਆ’ ਕੀਤਾ ਜਾਵੇ | ਕੈਬਨਿਟ ਦਾ ਮਤਾ ਜਦੋਂ ਵਿਧਾਨ ਸਭਾ ਵਿੱਚ ਰੱਖਿਆ ਗਿਆ ਤਾਂ ਭਾਜਪਾ ਨੂੰ ਛੱਡ ਕੇ ਸਭ ਨੇ ਇਸ ਦੀ ਹਮਾਇਤ ਕੀਤੀ | ਭਾਜਪਾ ਨੇ ਵਿਰੋਧ ਵਿੱਚ ਵਾਕਆਊਟ ਕਰ ਦਿੱਤਾ |
ਇਹੋ ਨਹੀਂ ਮੋਦੀ ਦੇ ਪਹਿਲੇ ਕਾਰਜਕਾਲ ਦੌਰਾਨ ਵੇਲੇ ਦੇ ਸਾਂਸਦ ਯੋਗੀ ਆਦਿੱਤਿਆਨਾਥ ਨੇ 2014 ਵਿੱਚ ਇੰਡੀਆ ਹਟਾ ਕੇ ਭਾਰਤ ਨਾਂਅ ਰੱਖਣ ਬਾਰੇ ਸੰਸਦ ਵਿੱਚ ਮਤਾ ਰੱਖਿਆ ਸੀ | ਪਾਰਟੀ ਵੱਲੋਂ ਮਿਲੀ ਘੁਰਕੀ ਤੋਂ ਬਾਅਦ ਉਹ ਪਿੱਛੇ ਹਟ ਗਏ | ਉਨ੍ਹਾ ਦੀ ਗੈਰ ਹਾਜ਼ਰੀ ਵਿੱਚ ਮਤਾ ਰੱਦ ਹੋ ਗਿਆ | ਇਸ ਤਰ੍ਹਾਂ ਭਾਜਪਾ ਦਾ ਇੰਡੀਆ ਤੇ ਭਾਰਤ ਬਾਰੇ ਦੋਹਰਾ ਸਟੈਂਡ ਰਿਹਾ ਹੈ | ਅਸਲ ਵਿੱਚ ਭਾਜਪਾ ਦਾ ਇੱਕੋ-ਇੱਕ ਮਕਸਦ ਚੋਣਾਂ ਜਿੱਤਣਾ ਹੁੰਦਾ ਹੈ | ਇਸ ਲਈ ਹੁਣ ਜਦੋਂ ‘ਇੰਡੀਆ’ ਗੱਠਜੋੜ ਦੀ ਤਾਕਤ ਦਿਨੋ-ਦਿਨ ਵਧ ਰਹੀ ਹੈ, ਉਹ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਆਪਣਾ ਮਕਸਦ ਹੱਲ ਕਰਨਾ ਚਾਹੁੰਦੀ ਹੈ | ਇਸ ਲਈ ਪਹਿਲਾਂ ‘ਇੱਕ ਦੇਸ਼, ਇੱਕ ਚੋਣ’ ਦਾ ਸ਼ੋਸ਼ਾ ਛੱਡਿਆ ਗਿਆ, ਫਿਰ ਸੰਸਦ ਦੇ ਵਿਸ਼ੇਸ਼ ਇਜਲਾਸ ਦੀ ਅਣਕਿਆਸੀ ਮੂੰਗਲੀ ਕੱਢ ਮਾਰੀ ਤੇ ਹੁਣ ਇੰਡੀਆ ਤੇ ਭਾਰਤ ਦਾ ਯੁੱਧ ਛੇੜ ਦਿੱਤਾ ਗਿਆ ਹੈ | ਇਹ ਸਾਰੀ ਨੌਟੰਕੀ ਇਸ ਲਈ ਹੈ ਕਿ ਦੇਸ਼ ਵਾਸੀ ਮਹਿੰਗਾਈ, ਬੇਰੁਜ਼ਗਾਰੀ ਤੇ ਹੋਰ ਦੁੱਖ-ਦਰਦਾਂ ਨੂੰ ਭੁਲਾ ਕੇ ਮੋਦੀ ਦੀ ਵਾਹ-ਵਾਹ ਕਰਦੇ ਰਹਿਣ | ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਵੀ ਕਈ ਨਾਟਕ ਖੇਡੇ ਜਾਣੇ ਹਨ, ਪਰ ਜਨਤਾ ਜਨਾਰਦਨ ਨੂੰ ਜਿਨ੍ਹਾਂ ਮਸਲਿਆਂ ਦਾ ਰੋਜ਼ਾਨਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਨਾਟਕੀ ਪਰਦੇ ਪਿੱਛੇ ਛੁਪਾਇਆ ਜਾਣਾ ਸੰਭਵ ਨਹੀਂ ਹੈ |
ਇੰਡੀਆ ਵੱਲੋਂ ਐਨ ਡੀ ਏ ਨੂੰ ਪਟਕਣੀ
6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਦੇ ਨਤੀਜੇ ਆ ਗਏ ਹਨ | ਇਨ੍ਹਾਂ ਸੱਤਾਂ ਵਿੱਚੋਂ ਦੋ ਸੀਟਾਂ ਯੂ ਪੀ ਦੀ ਘੋਸੀ ਸੀਟ ਅਤੇ ਝਾਰਖੰਡ ਦੀ ਡੁਮਰੀ ਸੀਟ ਉੱਤੇ ਸਾਰੇ ਦੇਸ਼ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ | ਇਨ੍ਹਾਂ ਦੋਹਾਂ ਸੀਟਾਂ ਉੱਤੇ ਮੁਕਾਬਲਾ ਐਨ ਡੀ ਏ ਤੇ ਦੂਜੇ ਪਾਸੇ ਇੰਡੀਆ ਵਿੱਚ ਸੀ |
ਘੋਸੀ ਸੀਟ ਇਸ ਲਈ ਵੀ ਅਹਿਮ ਸੀ ਕਿਉਂਕਿ ਲੋਕ ਸਭਾ ਦੀਆਂ 80 ਸੀਟਾਂ ਵਾਲਾ ਉੱਤਰ ਪ੍ਰਦੇਸ਼ ਕੇਂਦਰ ਦੀ ਸੱਤਾ ‘ਤੇ ਪੁੱਜਣ ਲਈ ਨਿਰਣਾਇਕ ਹੁੰਦਾ ਹੈ | ਘੋਸੀ ਸੀਟ ਦਾਰਾ ਸਿੰਘ ਚੌਹਾਨ ਦੇ ਸਮਾਜਵਾਦੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਭਾਜਪਾ ਦਾ ਲੜ ਫੜਨ ਕਾਰਨ ਖਾਲੀ ਹੋਈ ਸੀ | ਭਾਜਪਾ ਨੇ ਦਾਰਾ ਸਿੰਘ ਚੌਹਾਨ ਨੂੰ ਖੜ੍ਹਾ ਕੀਤਾ ਤੇ ਮੁਕਾਬਲੇ ਵਿੱਚ ਸਮਾਜਵਾਦੀ ਪਾਰਟੀ ਨੇ ਸੁਧਾਕਰ ਸਿੰਘ ਉੱਤੇ ਦਾਅ ਲਾਇਆ ਸੀ | ਕਾਂਗਰਸ, ਆਰ ਐਲ ਡੀ ਤੇ ਖੱਬੀਆਂ ਪਾਰਟੀਆਂ ਸੁਧਾਕਰ ਦੀ ਮਦਦ ਕਰ ਰਹੀਆਂ ਸਨ | ਦੂਜੇ ਪਾਸੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸਮੇਤ ਸਾਰੀ ਕੈਬਨਿਟ ਨੇ ਘੋਸੀ ਵਿੱਚ ਡੇਰਾ ਲਾਈ ਰੱਖਿਆ ਸੀ | ਐਨ ਡੀ ਏ ਦੇ ਭਾਈਵਾਲ ਓਮ ਪ੍ਰਕਾਸ਼ ਰਾਜਭਰ ਨੇ ਵੀ ਦਿਨ ਰਾਤ ਇੱਕ ਕੀਤਾ ਸੀ, ਕਿਉਂਕਿ ਇਸ ਹਲਕੇ ਵਿੱਚ ਰਾਜਭਰ ਬਰਾਦਰੀ ਦੀ ਵੱਡੀ ਵੋਟ ਸੀ | ਇਸ ਹਲਕੇ ਤੋਂ ਸਪਾ ਉਮੀਦਵਾਰ ਨੇ ਆਪਣੀ ਵਿਰੋਧੀ ਭਾਜਪਾ ਉਮੀਦਵਾਰ ਤੋਂ ਏਨੇ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰ ਲਈ ਹੈ ਕਿ ਇਸ ਨੇ ਸੱਤਾਧਾਰੀਆਂ ਦੇ ਪੈਰ ਉਖਾੜ ਦਿੱਤੇ ਹਨ |
ਦੂਜੀ ਸੀਟ ਝਾਰਖੰਡ ਦੀ ਡੁਮਰੀ ਸੀ ਜਿੱਥੇ ਵੀ ਮੁਕਾਬਲਾ ਦੋਹਾਂ ਗੱਠਜੋੜਾਂ ਵਿੱਚ ਸੀ | ਪਿਛਲੀ ਚੋਣ ਵਿੱਚ ਝਾਰਖੰਡ ਮੁਕਤੀ ਮੋਰਚੇ ਨੇ ਜਿੱਤ ਪ੍ਰਾਪਤ ਕੀਤੀ ਸੀ | ਉਸ ਵੇਲੇ ਭਾਜਪਾ ਤੇ ਆਜਸੂ ਵੱਖ-ਵੱਖ ਲੜੇ ਸਨ ਤੇ ਉਨ੍ਹਾਂ ਦੀਆਂ ਵੋਟਾਂ ਦਾ ਜੋੜ ਜਿੱਤਣ ਵਾਲੇ ਨਾਲੋਂ ਵੱਧ ਬਣਦਾ ਸੀ | ਇਸ ਵਾਰ ਭਾਜਪਾ ਨੇ ਇਹ ਸੀਟ ਆਜਸੂ ਦੀ ਯਸ਼ੋਦੀ ਦੇਵੀ ਲਈ ਛੱਡ ਦਿੱਤੀ ਸੀ | ਇੰਡੀਆ ਗੱਠਜੋੜ ਵੱਲੋਂ ਝਾਰਖੰਡ ਮੁਕਤੀ ਮੋਰਚੇ ਦੀ ਬੇਬੀ ਦੇਵੀ ਮੈਦਾਨ ਵਿੱਚ ਸੀ | ਬੇਬੀ ਦੇਵੀ ਨੇ 17000 ਤੋਂ ਵੱਧ ਵੋਟਾਂ ਨਾਲ ਇਹ ਸੀਟ ਜਿੱਤ ਕੇ ‘ਇੰਡੀਆ’ ਦੀ ਝੋਲੀ ਪਾ ਦਿੱਤੀ ਹੈ |
ਇਨ੍ਹਾਂ ਤੋਂ ਇਲਾਵਾ ਪੱਛਮੀ ਬੰਗਾਲ ਦੀ ਧੁੱਪਗੁੜੀ ਸੀਟ ਵੀ ਅਹਿਮ ਸੀ | ਇਹ ਸੀਟ ਭਾਜਪਾ ਦੇ ਵਿਧਾਇਕ ਦੀ ਮੌਤ ਕਾਰਨ ਖਾਲੀ ਹੋਈ ਸੀ | ਇਸ ਵਾਰ ਤਿ੍ਣਮੂਲ ਦੇ ਉਮੀਦਵਾਰ ਨਿਰਮਲ ਚੰਦਰ ਰਾਓ ਨੇ ਭਾਜਪਾ ਦੇ ਤਾਪਸੀ ਰਾਓ ਨੂੰ ਹਰਾ ਕੇ ਸੀਟ ਜਿੱਤ ਲਈ ਹੈ |
ਉੱਤਰਾਖੰਡ ਦੀ ਬਾਗੇਸ਼ਵਰ ਸੀਟ ਭਾਜਪਾ ਦੀ ਪੱਕੀ ਸੀਟ ਸਮਝੀ ਜਾਂਦੀ ਹੈ | ਇਸ ਵਾਰ ਕਾਂਗਰਸ ਦੇ ਬਸੰਤ ਕੁਮਾਰ ਨੇ ਭਾਜਪਾ ਦੀ ਪਾਰਵਤੀ ਦਾਸ ਨੂੰ ਸਖ਼ਤ ਟੱਕਰ ਦਿੱਤੀ ਤੇ ਭਾਜਪਾ ਉਮੀਦਵਾਰ ਸਿਰਫ਼ 2405 ਵੋਟਾਂ ਨਾਲ ਹੀ ਜਿੱਤ ਸਕੀ ਹੈ, ਜਦੋਂ ਕਿ ‘ਇੰਡੀਆ’ ਦੇ ਭਾਈਵਾਲ ਸਪਾ ਨੇ ਵੀ ਇੱਥੇ ਆਪਣਾ ਉਮੀਦਵਾਰ ਖੜ੍ਹਾ ਕੀਤਾ ਸੀ | ਕੇਰਲਾ ਦੀ ਪੁਥੂਪੱਲੀ ਤੋਂ ਕਾਂਗਰਸ ਦੇ ਚਾਂਡੀ ਓਮਨ ਨੇ ਜਿੱਤ ਪ੍ਰਾਪਤ ਕੀਤੀ ਹੈ | ਤਿ੍ਪੁਰਾ ਦੀਆਂ ਦੋਵੇਂ ਸੀਟਾਂ ਭਾਜਪਾ ਦੇ ਪੱਲੇ ਪਈਆਂ ਹਨ | ਇੱਥੇ ਸੀ ਪੀ ਐਮ ਨੇ ਵੋਟਿੰਗ ਸਮੇਂ ਹੋਈ ਧੱਕੇਸ਼ਾਹੀ ਕਾਰਨ ਗਿਣਤੀ ਦਾ ਬਾਈਕਾਟ ਕਰ ਦਿੱਤਾ ਸੀ | ਉਨ੍ਹਾਂ ਦੋਸ਼ ਲਾਇਆ ਸੀ ਕਿ ਵੱਡੇ ਪੱਧਰ ‘ਤੇ ਭਾਜਪਾ ਵੱਲੋਂ ਬੂਥ ਕੈਪਚਰਿੰਗ ਕਰਕੇ ਜਾਅਲੀ ਵੋਟਾਂ ਭੁਗਤਾਈਆਂ ਗਈਆਂ ਸਨ |
– ਚੰਦ ਫਤਿਹਪੁਰੀ

LEAVE A REPLY

Please enter your comment!
Please enter your name here