ਮਨੂੰਵਾਦੀ ਵਿਚਾਰਧਾਰਾ ਦੇ ਪੈਰੋਕਾਰਾਂ ਦੇ ਕੇਂਦਰੀ ਸੱਤਾ ਉੱਤੇ ਕਾਬਜ਼ ਹੋ ਜਾਣ ਤੋਂ ਬਾਅਦ ਦਲਿਤਾਂ ਉੱਤੇ ਹਮਲਿਆਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ | ਕਦੇ ਬਰਾਤ ਮੌਕੇ ਘੋੜੀ ‘ਤੇ ਚੜ੍ਹਨ ਤੇ ਕਦੇ ਮੁੱਛ ਰੱਖਣ ਕਾਰਨ ਦਲਿਤ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਹੁਣ ਵਧਦਾ-ਵਧਦਾ ਇਹ ਵਰਤਾਰਾ ਸਿੱਖਿਆ ਸੰਸਥਾਵਾਂ ਵਿੱਚ ਵੀ ਪੁੱਜ ਗਿਆ ਹੈ |
ਲਖਨਊ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਰਵੀਕਾਂਤ ਚੰਦਨ ਉੱਤੇ ਦੂਜੀ ਵਾਰ ਹਮਲਾ ਹੋ ਚੁੱਕਾ ਹੈ | ਬੀਤੇ ਦਿਨ ਜਦੋਂ ਪ੍ਰੋਫ਼ੈਸਰ ਚੰਦਨ ਪ੍ਰਾਕਟਰ ਦਫ਼ਤਰ ਸਾਹਮਣਿਓਾ ਗੁਜ਼ਰ ਰਹੇ ਸਨ ਤਾਂ ਇੱਕ ਵਿਦਿਆਰਥੀ ਨੇ ਉਨ੍ਹਾ ਉੱਤੇ ਹਮਲਾ ਕਰ ਦਿੱਤਾ | ਹਮਲਾ ਕਰਨ ਵਾਲੇ ਵਿਦਿਆਰਥੀ ਦਾ ਨਾਂਅ ਕਾਰਤਿਕ ਪਾਂਡੇ ਦੱਸਿਆ ਜਾ ਰਿਹਾ ਹੈ | ਇਸ ਘਟਨਾ ਤੋਂ ਇੱਕ ਹਫ਼ਤਾ ਪਹਿਲਾਂ ਸੰਘ ਨਾਲ ਸੰਬੰਧਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵਿਦਿਆਰਥੀਆਂ ਵੱਲੋਂ ਵੀ ਉਨ੍ਹਾ ਉੱਤੇ ਹਮਲਾ ਕੀਤਾ ਗਿਆ ਸੀ | ਇਸ ਮਾਮਲੇ ਵਿੱਚ ਬਹੁਤ ਕੋਸ਼ਿਸ਼ਾਂ ਬਾਅਦ ਐੱਫ਼ ਆਈ ਆਰ ਦਰਜ ਹੋਈ ਸੀ, ਪਰ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ |
ਤਾਜ਼ਾ ਘਟਨਾ ਬਾਰੇ ਦੱਸਦਿਆਂ ਪ੍ਰੋਫ਼ੈਸਰ ਰਵੀਕਾਂਤ ਨੇ ਕਿਹਾ, ”ਇੱਕ ਵਿਦਿਆਰਥੀ ਆਗੂ ਮੇਰੇ ਕੋਲ ਆਇਆ ਤੇ ਮੈਨੂੰ ਜਾਤੀਗਤ ਗਾਹਲਾਂ ਕੱਢਣ ਤੋਂ ਬਾਅਦ ਮੇਰੇ ਉੱਤੇ ਹਮਲਾ ਕਰ ਦਿੱਤਾ |” ਪੋ੍ਰਫੈਸਰ ਰਵੀਕਾਂਤ ਦੀ ਸੁਰੱਖਿਆ ਲਈ ਮਿਲੇ ਦੋ ਗਾਰਡਾਂ ਦੀ ਵੀ ਉਸ ਨੇ ਪ੍ਰਵਾਹ ਨਾ ਕੀਤੀ | ਹਮਲੇ ਤੋਂ ਬਾਅਦ ਸੁਰੱਖਿਆ ਗਾਰਡਾਂ ਨੇ ਦੋਸ਼ੀ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ |
ਇਨ੍ਹਾਂ ਦੋ ਘਟਨਾਵਾਂ ਤੋਂ ਦੁਖੀ ਰਵੀਕਾਂਤ ਨੇ ਆਪਣੀ ਫੇਸਬੁਕ ਵਾਲ ਉੱਤੇ ਲਿਖਿਆ ਹੈ, ”ਸਾਡੇ ਦੇਸ਼ ਵਿੱਚ ਦਲਿਤਾਂ ਨੂੰ ਹੁਣ ਸਨਮਾਨ ਨਾਲ ਜਿਉਣ, ਪੜ੍ਹਨ ਤੇ ਲਿਖਣ ਦਾ ਵੀ ਅਧਿਕਾਰ ਨਹੀਂ ਹੈ ਸ਼ਾਇਦ |”
ਪ੍ਰੋਫ਼ੈਸਰ ਰਵੀਕਾਂਤ ਉੱਤੇ ਏ ਬੀ ਵੀ ਪੀ ਦੇ ਲੱਠਮਾਰਾਂ ਦੇ ਹਮਲੇ ਪਿੱਛੋਂ ਪੂਰੇ ਦੇਸ਼ ਵਿੱਚ ਲੋਕ ਉਨ੍ਹਾਂ ਦੇ ਹੱਕ ਵਿੱਚ ਖੜੇ੍ਹ ਹੋਏ ਸਨ | ਲੱਗਭੱਗ 500 ਬੁੱਧੀਜੀਵੀਆਂ ਤੇ ਸਮਾਜਕ ਕਾਰਕੁਨਾਂ ਨੇ ਪ੍ਰੋਫ਼ੈਸਰ ਰਵੀਕਾਂਤ ਉੱਤੇ ਹਮਲੇ ਦੀ ਨਿਖੇਧੀ ਕੀਤੀ ਸੀ | ਵਿਦਿਆਰਥੀ ਜਥੇਬੰਦੀਆਂ ‘ਆਇਸ਼ਾ’ ਤੇ ਐੱਨ ਐੱਸ ਯੂ ਆਈ ਨੇ ਉਨ੍ਹਾ ਦੇ ਹੱਕ ਵਿੱਚ ਜਲੂਸ ਕੱਢ ਕੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਸੀ | ਇਸ ਜਲੂਸ ਵਿੱਚ ਯੂਨੀਵਰਸਿਟੀ ਦੇ ਅਧਿਆਪਕ ਵੀ ਸ਼ਾਮਲ ਸਨ | ਹਿੰਦੂਤਵੀ ਸੰਗਠਨ ਰਵੀਕਾਂਤ ਵਿਰੁੱਧ ਇਸ ਲਈ ਭੜਕੇ ਹੋਏ ਹਨ ਕਿ ਉਨ੍ਹਾਂ ਇੱਕ ਯੂ ਟਿਊਬ ਚੈਨਲ ‘ਤੇ ਬਹਿਸ ਦੌਰਾਨ ਇਤਿਹਾਸਕਾਰ ਪੱਟਾਭਿਸੀ ਸੀਤਾਰਮਈਆ ਦੀ ਕਿਤਾਬ ਦੇ ਹਵਾਲੇ ਨਾਲ ਕਾਸ਼ੀ ਵਿਸ਼ਵਾਨਾਥ ਮੰਦਰ ਬਾਰੇ ਕੁਝ ਤੱਥ ਪੇਸ਼ ਕੀਤੇ ਸਨ, ਜਿਹੜੇ ਉਨ੍ਹਾਂ ਨੂੰ ਸੂਤ ਨਹੀਂ ਬੈਠਦੇ ਸਨ |
ਇਨ੍ਹਾਂ ਦੋ ਘਟਨਾਵਾਂ ਦੇ ਬਾਅਦ ਵੀ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ | ਇਹੋ ਚੁੱਪ ਹੀ ਹੈ, ਜਿਹੜੀ ਹਿੰਦੂਤਵੀ ਸੰਗਠਨਾਂ ਨੂੰ ਦਲਿਤਾਂ ਉੱਤੇ ਹਮਲਿਆਂ ਲਈ ਉਤਸ਼ਾਹਤ ਕਰਦੀ ਹੈ | ਹਿੰਦੂਤਵੀ ਅਨਸਰਾਂ ਦੇ ਦਿਮਾਗਾਂ ਵਿੱਚ ਇਹ ਮਾਨਸਿਕਤਾ ਘਰ ਕਰ ਚੁੱਕੀ ਹੈ ਕਿ ‘ਸਈਆਂ ਭਏ ਕੋਤਵਾਲ, ਡਰ ਕਾਹੇ ਕਾ |’