ਪਟਨਾ : ਜ਼ਮੀਨ ਬਦਲੇ ਨੌਕਰੀ ਮਾਮਲੇ ’ਚ ਸਾਬਕਾ ਰੇਲ ਮੰਤਰੀ ਲਾਲੂ ਯਾਦਵ ’ਤੇ ਕੇਸ ਚੱਲੇਗਾ। ਕੇਂਦਰ ਸਰਕਾਰ ਤੋਂ ਸੀ ਬੀ ਆਈ ਨੂੰ ਇਸ ਦੀ ਇਜਾਜ਼ਤ ਮਿਲੀ ਹੈ। ਇੱਕ ਮਹੀਨਾ ਪਹਿਲਾਂ ਸੀ ਬੀ ਆਈ ਨੇ ਕੇਂਦਰ ਤੋਂ ਲਾਲੂ ਖਿਲਾਫ਼ ਮੁਕੱਦਮਾ ਚਲਾਉਣ ਦੀ ਇਜਾਜ਼ਤ ਮੰਗੀ ਸੀ। ਸੀ ਬੀ ਆਈ ਨੇ ਮੰਗਲਵਾਰ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੂੰ ਦੱਸਿਆ ਕਿ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਖਿਲਾਫ਼ ਕਥਿਤ ਜ਼ਮੀਨ ਬਦਲੇ ਨੌਕਰੀ ’ਚ ਤਾਜ਼ਾ ਦੋਸ਼ ਪੱਤਰ ਦੇ ਸੰਬੰਧ ’ਚ ਗ੍ਰਹਿ ਮੰਤਰਾਲੇ ਤੋਂ ਮਨਜ਼ੁੂਰੀ ਮਿਲ ਗਈ ਹੈ।
ਜ਼ਮੀਨ ਬਦਲੇ ਨੌਕਰੀ ਮਾਮਲਾ ਉਦੋਂ ਦਾ ਹੈ, ਜਦ ਲਾਲੂ ਯਾਦਵ ਰੇਲ ਮੰਤਰੀ ਸਨ, ਇਸ ਲਈ ਇਸ ’ਚ ਗ੍ਰਹਿ ਵਿਭਾਗ ਤੋਂ ਇਜਾਜ਼ਤ ਜ਼ਰੂਰੀ ਸੀ। ਸੀ ਬੀ ਆਈ ਨੇ ਕਿਹਾ ਕਿ ਲਾਲੂ ਤੋਂ ਇਲਾਵਾ ਰੇਲਵੇ ਦੇ ਤਿੰਨ ਅਧਿਕਾਰੀਆਂ ਖਿਲਾਫ਼ ਵੀ ਕੇਸ ਚਲਾਉਣ ਦੀ ਮਨਜ਼ੂਰੀ ਮੰਗੀ ਸੀ, ਜੋ ਫਿਲਹਾਲ ਨਹੀਂ ਮਿਲੀ। ਸੀ ਬੀ ਆਈ ਨੇ ਨਵੀਂ ਚਾਰਜਸ਼ੀਟ ’ਚ ਲਾਲੂ ਦੇ ਬੇਟੇ ਅਤੇ ਬਿਹਾਰ ਦੇ ਡਿਪਟੀ ਮੁੱਖ ਮੰਤਰੀ ਤੇਜਸਵੀ ਨੂੰ ਵੀ ਦੋਸ਼ੀ ਬਣਾਇਆ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਰਾਜ ਸਭਾ ਸਾਂਸਦ ਮੀਸਾ ਭਾਰਤੀ ਅਤੇ ਲਾਲੂ ਪਰਵਾਰ ਦੇ ਹੋਰ ਮੈਂਬਰ ਅਤੇ ਕਰੀਬੀ ਵੀ ਸ਼ਾਮਲ ਹਨ। ਉਪ ਮੁੱਖ ਮੰਤਰੀ ਤੇਜਸਵੀ ਯਾਦਵ ’ਤੇ ਸੀ ਬੀ ਆਈ ਵੱਲੋਂ ਦਾਖ਼ਲ ਚਾਰਜਸ਼ੀਟ ’ਤੇ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ’ਚ ਮੰਲਗਵਾਰ ਹੋਣ ਵਾਲੀ ਸੁਣਵਾਈ ਟਲ ਗਈ। ਹੁਣ ਅਗਲੀ ਤਰੀਕ 21 ਸਤੰਬਰ ਤੈਅ ਕੀਤੀ ਗਈ ਹੈ।