ਇੰਫਾਲ : ਮਨੀਪੁਰ ’ਚ ਇੱਕ ਵਾਰ ਫਿਰ ਹਿੰਸਾ ਭੜਕ ਗਈ ਹੈ। ਸੂਬੇ ਦੇ ਕਾਂਗਪੋਪਕੀ ਜ਼ਿਲ੍ਹੇ ’ਚ ਮੰਗਲਵਾਰ ਸਵੇਰੇ ਕੁੱਕੀ ਜਨਜਾਤੀ ਦੇ ਤਿੰਨ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਹੱਤਿਆਵਾਂ ਤੋਂ ਬਾਅਦ ਫਿਰ ਤੋਂ ਤਣਾਅ ਪੈਦਾ ਹੋ ਗਿਆ। ਸੂੁਬੇ ’ਚ ਵੱਡੀ ਗਿਣਤੀ ’ਚ ਕੇਂਦਰੀ ਅਰਧ ਸੈਨਿਕ ਬਲ ਤਾਇਨਾਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਇੱਕ ਵਾਹਨ ’ਚ ਆਏ ਅਤੇ ਉਨ੍ਹਾਂ ਇੰਫਾਲ ਪੱਛਮੀ ਅਤੇ ਕਾਂਗਪੋਪਕੀ ਜ਼ਿਲ੍ਹੇ ਦੇ ਸਰਹੱਦੀ ਇਲਾਕੇ ’ਚ ਸਥਿਤ ੲਰੇਂਗ ਅਤੇ ਕਰਮ ਇਲਾਕੇ ਵਿਚਾਲੇ ਪਿੰਡ ਵਾਸੀਆਂ ’ਤੇ ਹਮਲਾ ਕਰ ਦਿੱਤਾ। ਇਹ ਪਿੰਡ ਪਹਾੜਾਂ ’ਚ ਸਥਿਤ ਹੈ ਅਤੇ ਇੱਥੇ ਜਨਜਾਤੀ ਲੋਕਾਂ ਦਾ ਪ੍ਰਭਾਵ ਹੈ। ਘਟਨਾ ਮੰਗਲਵਾਰ ਸਵੇਰੇ 7 ਵਜੇ ਦੇ ਕਰੀਬ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ। ਫਿਰ ਗੋਲੀਬਾਰੀ ਰੁਕ ਗਈ। ਫੋਰਸ ਦੇ ਪਹੁੰਚਦੇ ਹੀ ਹਥਿਆਰਬੰਦ ਉਥੋਂ ਭੱਜ ਗਏ। ਜਨਜਾਤੀ ਭਾਈਚਾਰੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਮਾਰੇ ਗਏ ਤਿੰਨੇ ਕੁੱਕੀ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ। ਮਨੀਪੁਰ ’ਚ ਤਿੰਨ ਮਈ ਤੋਂ ਵੱਡੀ ਗਿਣਤੀ ’ਚ ਮੈਤੋਈ ਅਤੇ ਜਨਜਾਤੀ ਕੁੱਕੀ ਭਾਈਚਾਰੇ ਵਿਚਾਲੇ ਲਗਾਤਾਰ ਝੜਪਾਂ ਹੋ ਰਹੀਆਂ ਹਨ, ਹੁਣ ਤੱਕ 160 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।