ਨਵੀਂ ਦਿੱਲੀ : ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਮੰਗਲਵਾਰ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਇਆ ਤੇ ਕਿਹਾਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿੰਨੀਆਂ ਵੀ ਉਪਲੱਬਧੀਆਂ ਗਿਣਾਉਣ, ਮਹਿੰਗਾਈ ਅਸਮਾਨ ਛੂਹ ਰਹੀ ਹੈ। ਉਨ੍ਹਾ ਕਿਹਾ ਕਿ ਸਰਕਾਰ ਕੋਈ ਠੋਸ ਕਦਮ ਚੁੱਕਣ ਦੀ ਬਜਾਏ ਸਿਰਫ਼ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਟਵਿੱਟਰ ’ਤੇ ਇੱਕ ਪੋਸਟ ’ਚ ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾ ਦਾ ਇਕਨੋ ਸਿਸਟਮ ਚਾਹੇ ਕਿੰਨੀਆਂ ਵੀ ਉਪਲੱਬਧੀਆਂ ਗਿਣਾਏ, ਸਹੀ ਮਾਇਨੇ ’ਚ ਇਹ ਸਰਕਾਰ ਮਹਿੰਗਾਈ ਕੰਟਰੋਲ ਕਰਨ ’ਚ ਫੇਲ੍ਹ ਰਹੀ ਹੈ। ਉਨ੍ਹਾ ਲਿਖਿਆਜ਼ਰਾ ਦੇਖੋ, ਥਾਲੀ ਇੱਕ ਸਾਲ ’ਚ 24 ਫੀਸਦੀ ਮਹਿੰਗੀ ਹੋ ਗਈ।
ਉਨ੍ਹਾ ਕਿਹਾ ਕਿ ਇੱਕ ਪਾਸੇ ਬੇਰੁਜ਼ਗਾਰੀ ਰਿਕਾਰਡ ਤੋੜ ਰਹੀ ਹੈ, ਦੂਜੇ ਪਾਸੇ ਮਹਿੰਗਾਈ ਅਸਮਾਨ ’ਤੇ ਪਹੁੰਚ ਗਈ ਹੈ ਅਤੇ ਕੁਝ ਠੋਸ ਉਪਾਅ ਕਰਨ ਦੀ ਬਜਾਏ ਸਰਕਾਰ ਕੇਵਲ ਇਨ੍ਹਾਂ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।