ਨਵੀਂ ਦਿੱਲੀ : ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀ ਤਾਲਮੇਲ ਤੇ ਚੋਣ ਰਣਨੀਤੀ ਕਮੇਟੀ ਦੀ ਮੀਟਿੰਗ ਬੁੱਧਵਾਰ ਐੱਨ ਸੀ ਪੀ ਆਗੂ ਸ਼ਰਦ ਪਵਾਰ ਦੇ ਘਰ ਹੋਈ, ਜਿਸ ਵਿਚ ਕਾਂਗਰਸ ਦੇ ਕੇ ਸੀ ਵੇਣੂਗੋਪਾਲ, ਸ਼ਿਵ ਸੈਨਾ (ਯੂ ਬੀ ਟੀ) ਦੇ ਸੰਜੇ ਰਾਊਤ, ਸੀ ਪੀ ਆਈ ਦੇ ਡੀ ਰਾਜਾ, ਝਾਰਖੰਡ ਮੁਕਤੀ ਮੋਰਚਾ ਦੇ ਹੇਮੰਤ ਸੋਰੇਨ, ਰਾਜਦ ਦੇ ਤੇਜਸਵੀ ਯਾਦਵ, ਪੀ ਡੀ ਪੀ ਦੀ ਮਹਿਬੂਬਾ ਮੁਫਤੀ, ਸਮਾਜਵਾਦੀ ਪਾਰਟੀ ਦੇ ਜਾਵੇਦ ਅਲੀ ਖਾਨ, ਜਨਤਾ ਦਲ (ਯੂ) ਦੇ ਲੱਲਨ ਸਿੰਘ, ਡੀ ਐੱਮ ਕੇ ਦੇ ਟੀ ਆਰ ਬਾਲੂ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਆਦਿ ਸ਼ਾਮਲ ਹੋਏ | ਤਿ੍ਣਮੂਲ ਕਾਂਗਰਸ ਦੇ ਅਭਿਸ਼ੇਕ ਬੈਨਰਜੀ ਈ ਡੀ ਵੱਲੋਂ ਪੁੱਛਗਿੱਛ ਲਈ ਤਲਬ ਕਰਨ ਕਰਕੇ ਪਹੁੰਚ ਨਹੀਂ ਸਕੇ | ਮੀਟਿੰਗ ਤੋਂ ਬਾਅਦ ਕਾਂਗਰਸ ਨੇਤਾ ਕੇ ਸੀ ਵੇਣੂਗੋਪਾਲ ਨੇ ਪ੍ਰੈੱਸ ਕਾਨਫਰੰਸ ਕੀਤੀ | ਉਨ੍ਹਾ ਦੱਸਿਆ ਕਿ ਅਸੀਂ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਰੈਲੀਆਂ ਕਰਨ ਦਾ ਫੈਸਲਾ ਲਿਆ ਹੈ | ਪਹਿਲੀ ਰੈਲੀ ਅਕਤੂਬਰ ਦੇ ਪਹਿਲੇ ਹਫ਼ਤੇ ਭੁਪਾਲ ‘ਚ ਹੋਵੇਗੀ, ਜਿਸ ‘ਚ ਮੋਦੀ ਸਰਕਾਰ ‘ਚ ਵਧ ਰਹੀ ਬੇਰੁਜ਼ਗਾਰੀ, ਮਹਿੰਗਾਈ ਤੇ ਭਿ੍ਸ਼ਟਾਚਾਰ ਵਰਗੇ ਮੁੱਦਿਆਂ ‘ਤੇ ਗੱਲ ਹੋਵੇਗੀ | ਉਨ੍ਹਾ ਕਿਹਾ ਕਿ ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਕੁਝ ਮੀਡੀਆ ਗਰੁੱਪਾਂ ਦੇ ਐਂਕਰਾਂ ਦੇ ਸ਼ੋਅ ‘ਚ ਇੰਡੀਆ ਗਰੁੱਪ ਦਾ ਕੋਈ ਵੀ ਨੇਤਾ ਸ਼ਾਮਲ ਨਹੀਂ ਹੋਵੇਗਾ | ਸੀ ਪੀ ਆਈ ਨੇਤਾ ਡੀ ਰਾਜਾ ਨੇ ਕਿਹਾ ਕਿ ਸੀਟਾਂ ਦੇ ਬਟਵਾਰੇ ਨੂੰ ਜਲਦ ਹੀ ਅੰਜ਼ਾਮ ਦਿੱਤਾ ਜਾਵੇਗਾ | ਸਾਰੇ ਦਲ ਜਾਤੀ ਮਰਦਮਸ਼ੁਮਾਰੀ ਦਾ ਮੁੱਦਾ ਉਠਾਉਣ ‘ਤੇ ਵੀ ਸਹਿਮਤ ਹੋਏ | ਵੇਣੂਗੋਪਾਲ ਨੇ ਕਿਹਾ ਕਿ ਸੀਟ ਬਟਵਾਰੇ ‘ਤੇ ਹਾਲੇ ਕੋਈ ਫੈਸਲਾ ਨਹੀਂ ਹੋਇਆ | ਸਾਰੀਆਂ ਪਾਰਟੀਆਂ ਮਿਲ ਕੇ ਇਸ ਬਾਰੇ ਛੇਤੀ ਹੀ ਫੈਸਲਾ ਕਰਨਗੀਆਂ | ਮੀਟਿੰਗ ਤੋਂ ਪਹਿਲਾਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਹਿੰਦੂ ਵਿਰੋਧੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ | ਇਸ ਦੇ ਜਵਾਬ ਵਿਚ ਸੰਜੇ ਰਾਊਤ ਨੇ ਕਿਹਾ—ਇਸ ਦੇਸ਼ ਵਿਚ ਕੋਈ ਹਿੰਦੂ ਵਿਰੋਧੀ ਨਹੀਂ ਅਤੇ ਜਿਹੜੇ ਖੁਦ ਨੂੰ ਹਿੰਦੂਤਵਵਾਦੀ ਕਹਿੰਦੇ ਹਨ, ਉਹ ਹਿੰਦੂਤਵਵਾਦੀ ਨਹੀਂ ਹਨ | ਇਹ ਉਹ ਦੇਸ਼ ਹੈ, ਜਿਥੇ ਸਾਰੇ ਧਰਮਾਂ ਦੀ ਇੱਜ਼ਤ ਹੁੰਦੀ ਹੈ | ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ—ਸਮਾਂ ਆ ਗਿਆ ਹੈ ਕਿ ‘ਇੰਡੀਆ’ ਲੋਕਾਂ ਵਿਚ ਜਾ ਕੇ ਉਨ੍ਹਾਂ ਨੂੰ ਲਾਮਬੰਦ ਕਰੇ | ਅਸੀਂ ਪਹਿਲਾਂ ਵਿਚਾਰੀਆਂ ਗਈਆਂ ਤਜਵੀਜ਼ਾਂ ਤੇ ਲਏ ਫੈਸਲਿਆਂ ‘ਤੇ ਨਜ਼ਰਸਾਨੀ ਕਰਾਂਗੇ | ਹੁਣ ਦੇਸ਼ ਵਿਚ ਨਿਸਚਿਤ ਮੁੱਦਿਆਂ ‘ਤੇ ਰੈਲੀਆਂ ਕਰਨ ਦਾ ਵੇਲਾ ਆ ਗਿਆ ਹੈ | ਸੀਟਾਂ ਦੀ ਵੰਡ ਬਾਰੇ ਪਹਿਲਾਂ ਹੀ ਰਸਮੀ ਤੇ ਗੈਰਰਸਮੀ ਗੱਲਾਂਬਾਤਾਂ ਚੱਲ ਰਹੀਆਂ ਹਨ |





