ਰਾਜਸਥਾਨ ਵਿਚ ਅਸੰਬਲੀ ਚੋਣਾਂ ਸਾਲ ਦੇ ਅਖੀਰ ਵਿਚ ਹੋਣ ਜਾ ਰਹੀਆਂ ਹਨ | ਉਸ ਤੋਂ ਪਹਿਲਾਂ ਉਥੇ ਸੱਤਾ ਹਥਿਆਉਣ ਲਈ ਜ਼ੋਰ ਲਾ ਰਹੀ ਭਾਜਪਾ ਵਿਚ ਜ਼ਬਰਦਸਤ ਘਮਸਾਨ ਛਿੜ ਪਿਆ ਹੈ | ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਅਤੇ ਵਸੁੰਧਰਾ ਦੇ ਸਾਥੀਆਂ ਨੂੰ ਖੁੱਡੇ ਲਾਉਣ ਕਾਰਨ ਵਸੁੰਧਰਾ ਧੜਾ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ | ਕੇਂਦਰੀ ਲੀਡਰਸ਼ਿਪ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੂੰ ਅੱਗੇ ਲਿਆ ਰਹੀ ਹੈ | ਸਾਬਕਾ ਸਪੀਕਰ ਕੈਲਾਸ਼ ਮੇਘਵਾਲ ਨੇ 27 ਅਗਸਤ ਨੂੰ ਭੀਲਵਾੜਾ ਵਿਚ ਇਕ ਰੈਲੀ ‘ਚ ਕਿਹਾ ਕਿ ਅਰਜੁਨ ਮੇਘਵਾਲ ਸਿਰੇ ਦਾ ਭਿ੍ਸ਼ਟ ਆਗੂ ਹੈ | ਇਸ ਤੋਂ ਖਫਾ ਲੀਡਰਸ਼ਿਪ ਨੇ ਉਸ ਨੂੰ ਬੁੱਧਵਾਰ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਹੈ | ਇਸ ਦੇ ਜਵਾਬ ਵਿਚ ਕੈਲਾਸ਼ ਮੇਘਵਾਲ ਨੇ ਕਿਹਾ ਕਿ ਉਸ ਨੇ ਸੂਬੇ ਵਿਚ ਪਾਰਟੀ ਦੇ ਹਾਲਾਤ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਮੀ-ਚੌੜੀ ਚਿੱਠੀ ਲਿਖੀ ਹੈ ਤੇ ਉਹ ਚੋਣ ਜ਼ਰੂਰ ਲੜੇਗਾ ਅਤੇ ਭਾਜਪਾ ਉਮੀਦਵਾਰ ਨੂੰ ਹਜ਼ਾਰਾਂ ਵੋਟਾਂ ਦੇ ਫਰਕ ਨਾਲ ਹਰਾਏਗਾ | ਉਸ ਨੇ ਕਿਹਾ ਕਿ ਅਰਜੁਨ ਮੇਘਵਾਲ ਨੇ ਡੀ ਸੀ ਰਹਿਣ ਤੱਕ ਕਈ ਭਿ੍ਸ਼ਟਾਚਾਰ ਕੀਤੇ | ਚੁਰੂ ਦੇ ਡੀ ਸੀ ਵਜੋਂ ਸ਼ਹੀਦ ਸੈਨਿਕ ਦੀ ਵੀਰਾਂਗਣਾ ਦੇ ਕੋਟੇ ਦੀ ਜ਼ਮੀਨ ਹਾਊਸਿੰਗ ਬੋਰਡ ਤੋਂ ਗਲਤ ਬੰਦਿਆਂ ਨੂੰ ਦਿਵਾਈ | ਸੈਸ਼ਨ ਕੋਰਟ ਨੇ ਵੀ ਕਿਹਾ ਸੀ ਕਿ ਇਸ ਮਾਮਲੇ ਵਿਚ ਦਬਾਅ ਬਣਾਇਆ ਜਾ ਰਿਹਾ ਹੈ | ਅਰਜੁਨ ਮੇਘਵਾਲ ਨੇ ਚੋਣ ਹਲਫਨਾਮੇ ਵਿਚ ਇਸ ਕੇਸ ਨੂੰ ਲੁਕੋਇਆ, ਜਿਸ ਕਰਕੇ ਉਸ ਦੀ ਸੰਸਦ ਮੈਂਬਰੀ ਵੀ ਜਾ ਸਕਦੀ ਹੈ | ਕੈਲਾਸ਼ ਮੇਘਵਾਲ ਨੇ ਇਹ ਦੋਸ਼ ਵੀ ਲਾਇਆ ਹੈ ਕਿ ਅਰਜੁਨ ਮੇਘਵਾਲ ਨੇ ਮਹਾਰਾਸ਼ਟਰ ਦੇ ਇਕ ਆਗੂ ਨੂੰ ਟਿਕਟ ਦਿਵਾਉਣ ਬਦਲੇ ਡੇਢ ਕਰੋੜ ਰੁਪਏ ਲਏ, ਪਰ ਟਿਕਟ ਨਹੀਂ ਦਿਵਾ ਸਕਿਆ | ਅਰਜੁਨ ਮੇਘਵਾਲ ਦੀ ਤੁਲਨਾ ਡਾ. ਅੰਬੇਡਕਰ ਵਰਗੀ ਹਸਤੀ ਨਾਲ ਕੀਤੀ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਨਾਵਾਜਬ ਹੈ | ਕੈਲਾਸ਼ ਮੇਘਵਾਲ ਦਾ ਇਹ ਵੀ ਕਹਿਣਾ ਹੈ ਕਿ ਸੀ ਪੀ ਜੋਸ਼ੀ, ਰਜਿੰਦਰ ਰਾਠੌੜ ਤੇ ਸਤੀਸ਼ ਪੂਨੀਆਂ ਵਰਗੇ ਆਗੂ ਭਾਜਪਾ ਵਿਚ ਗੁੱਟਬਾਜ਼ੀ ਕਰ ਰਹੇ ਹਨ | ਸੀ ਪੀ ਜੋਸ਼ੀ ਐੱਨ ਐੱਸ ਯੂ ਆਈ ਤੋਂ ਆਇਆ ਹੈ | ਆਪੋਜ਼ੀਸ਼ਨ ਦਾ ਆਗੂ ਰਜਿੰਦਰ ਰਾਠੌੜ ਵੀ ਦੂਜੀ ਪਾਰਟੀ ਵਿੱਚੋਂ ਆਇਆ ਹੈ |
ਕੈਲਾਸ਼ ਮੇਘਵਾਲ ਮੁਤਾਬਕ ਰਾਜਸਥਾਨ ਵਿਚ ਭਾਜਪਾ ਦੀ ਸਿਹਤ ਠੀਕ ਨਹੀਂ | ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪ੍ਰਧਾਨ ਜੇ ਪੀ ਨੱਢਾ ਤੋਂ ਲੈ ਕੇ ਵੱਡੇ-ਵੱਡੇ ਮੰਤਰੀ ਤੇ ਆਗੂ ਗੇੜੇ ਮਾਰ ਰਹੇ ਹਨ | ਜੇ ਹਾਲਾਤ ਠੀਕ ਹੁੰਦੇ ਤਾਂ ਦੇਸ਼ ਦੀ ਪੂਰੀ ਸਰਕਾਰ ਰਾਜਸਥਾਨ ਦੇ ਕਿਉਂ ਚੱਕਰ ਲਾ ਰਹੀ ਹੁੰਦੀ |
ਕੈਲਾਸ਼ ਮੇਘਵਾਲ ਖਿਲਾਫ ਭਾਜਪਾ ਹਾਈਕਮਾਨ ਦੀ ਕਾਰਵਾਈ ਦਿਖਾਉਂਦੀ ਹੈ ਕਿ ਉਸ ਦੀ ਵਸੁੰਧਰਾ ਧੜੇ ਨਾਲ ਸੁਲ੍ਹਾ ਹੁੰਦੀ ਨਹੀਂ ਜਾਪਦੀ | ਉਂਜ ਵੀ ਵਸੁੰਧਰਾ ਹੀ ਭਾਜਪਾ ਦੀ ਇੱਕੋ-ਇੱਕ ਆਗੂ ਹੈ, ਜਿਹੜੀ ਮੋਦੀ ਤੇ ਅਮਿਤ ਸ਼ਾਹ ਦੇ ਸਾਹਮਣੇ ਡਟ ਕੇ ਖੜ੍ਹਦੀ ਹੈ | ਉਹ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਹੋਰ ਕਈ ਵੈਟਰਨ ਆਗੂਆਂ ਨੂੰ ਖੁੱਡੇ ਲਾ ਦੇਣ ਵਾਲੀ ਮੋਦੀ-ਸ਼ਾਹ ਦੀ ਜੋੜੀ ਨੂੰ ਸ਼ੁਰੂ ਤੋਂ ਹੀ ਰੜਕਦੀ ਆ ਰਹੀ ਹੈ |



