ਅੰਮਿ੍ਤਸਰ (ਜਸਬੀਰ ਸਿੰਘ ਪੱਟੀ)-ਵਿਦਿਆਰਥੀਆਂ ਨੂੰ ਆਪਣੇ ਜੀਵਨ ‘ਚ ਬੁਲੰਦੀ ‘ਤੇ ਪਹੁੰਚਣ ਲਈ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੂਬੇ ਦਾ ਪਹਿਲਾ ‘ਸਕੂਲ ਆਫ ਐਮੀਨੈਂਸ’ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ | ਦੋਵਾਂ ਮੁੱਖ ਮੰਤਰੀਆਂ ਨੇ ਕਿਹਾ, ‘ਪੰਜਾਬ ਵਿੱਚ ਅੱਜ ਸਿੱਖਿਆ ਦੇ ਖੇਤਰ ‘ਚ ਨਵੀਂ ਕ੍ਰਾਂਤੀ ਦਾ ਆਗਾਜ਼ ਹੋ ਚੁੱਕਾ ਹੈ ਅਤੇ ਇਹ ਸਕੂਲ ਯਕੀਨਨ ਤੌਰ ‘ਤੇ ਮੀਲ ਪੱਥਰ ਸਾਬਤ ਹੋਣਗੇ | ਮੁੱਖ ਮੰਤਰੀਆਂ ਨੇ ਕਿਹਾ ਕਿ ਅੱਜ ਦਾ ਦਿਨ ਇਕ ਯਾਦਗਾਰੀ ਮੌਕਾ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਸਿੱਖਿਆ ਦੇ ਖੇਤਰ ‘ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੋਵੇਗਾ | ਉਨ੍ਹਾ ਕਿਹਾ ਕਿ ਸੂਬਾ ਸਰਕਾਰ ਦੇ ਇਸ ਉਪਰਾਲੇ ਨਾਲ ਵਿਦਿਆਰਥੀਆਂ ਖਾਸ ਤੌਰ ‘ਤੇ ਗਰੀਬ ਅਤੇ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾ ਕਿਹਾ ਕਿ ਛੇਤੀ ਹੀ ਇਨ੍ਹਾਂ ਸਕੂਲਾਂ ‘ਚੋਂ ਤਾਲੀਮ ਹਾਸਲ ਕਰਨ ਵਾਲੇ ਵਿਦਿਆਰਥੀ ਹਰੇਕ ਖੇਤਰ ਵਿੱਚ ਵੱਡੀ ਪ੍ਰਾਪਤੀਆਂ ਕਰਨਗੇ ਅਤੇ ਸੂਬੇ ਦਾ ਨਾਂਅ ਰੌਸ਼ਨ ਕਰਨਗੇ |
ਦੋਵਾਂ ਮੁੱਖ ਮੰਤਰੀਆਂ ਨੇ ਕਿਹਾ ਕਿ ਇਹ ਸਕੂਲ ਸਾਡੇ ਵਿਦਿਆਰਥੀਆਂ ਦੀ ਤਕਦੀਰ ਬਦਲ ਦੇਣਗੇ | ਇਹ ਤਾਂ ਅਜੇ ਸ਼ੁਰੂਆਤ ਹੈ ਅਤੇ ਗਰੀਬ ਵਿਦਿਆਰਥੀਆਂ ਦੀ ਭਲਾਈ ਲਈ ਅਜਿਹੇ ਹੋਰ ਸਕੂਲ ਖੋਲ੍ਹੇ ਜਾਣਗੇ | ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਸਕੂਲ ‘ਆਧੁਨਿਕ ਯੁੱਗ ਦੇ ਮੰਦਰ’ ਹੋਣਗੇ, ਜੋ ਵਿਦਿਆਰਥੀਆਂ ਦੇ ਜੀਵਨ ਵਿੱਚ ਗੁਣਾਤਮਕ ਤਬਦੀਲੀ ਲਿਆਉਣਗੇ | ਦੋਵਾਂ ਮੁੱਖ ਮੰਤਰੀਆਂ ਨੇ ਸਕੂਲਾਂ ਦੇ ਕਲਾਸ ਰੂਮਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ |
ਸਰਕਾਰ ਦੇ ਇਸ ਦੂਰਅੰਦੇਸ਼ ਕਦਮ ਲਈ ਦੋਵਾਂ ਮੁੱਖ ਮੰਤਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ 11ਵੀਂ ਕਲਾਸ ਦੀ ਵਿਦਿਆਰਥਣ ਦੀਕਸ਼ਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਪ੍ਰਾਈਵੇਟ ਸਕੂਲ ‘ਚ ਪੜ੍ਹਦੀ ਸੀ | ਉਸ ਵਿਦਿਆਰਥਣ ਨੇ ਕਿਹਾ ਕਿ ਇਸ ਸਕੂਲ ਵਿੱਚ ਮੌਜੂਦ ਸਹੂਲਤਾਂ ਪ੍ਰਾਈਵੇਟ ਸਕੂਲਾਂ ‘ਚ ਵੀ ਮੌਜੂਦ ਨਹੀਂ ਹਨ | ਉਸ ਨੇ ਇਸ ਸਕੂਲ ਦੀ ਸਥਾਪਨਾ ਲਈ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ |
ਇਕ ਹੋਰ ਵਿਦਿਆਰਥਣ ਕਿਰਨਦੀਪ ਕੌਰ, ਜਿਸ ਨੇ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇਸ ਸਕੂਲ ‘ਚ ਦਾਖਲਾ ਲਿਆ, ਨੇ ਕਿਹਾ ਕਿ ਉਹ ਸਰਹੱਦੀ ਇਲਾਕੇ ਦੇ ਇਕ ਪਿੰਡ ਦੀ ਵਸਨੀਕ ਹੈ ਅਤੇ ਉਸ ਦੀ ਇੱਛਾ ਡਾਕਟਰ ਬਣਨ ਦੀ ਹੈ | ਉਸ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਇਸ ਇੱਛਾ ਦਾ ਪੂਰਾ ਹੋ ਜਾਣਾ ਔਖਾ ਜਾਪਦਾ ਸੀ, ਪਰ ਹੁਣ ਉਸ ਨੂੰ ਵਿਸ਼ਵਾਸ ਹੋ ਚੁੱਕਾ ਹੈ ਕਿ ਇਸ ਸਕੂਲ ਸਦਕਾ ਉਸ ਦਾ ਸੁਪਨਾ ਛੇਤੀ ਸਾਕਾਰ ਹੋਵੇਗਾ | ਉਸ ਨੇ ਇਸ ਨੇਕ ਉਪਰਾਲੇ ਲਈ ਦੋਵਾਂ ਮੁੱਖ ਮੰਤਰੀਆਂ ਦਾ ਧੰਨਵਾਦ ਕੀਤਾ, ਜੋ ਨੌਜਵਾਨ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਕਰਨਗੇ |
ਦੋਵਾਂ ਮੁੱਖ ਮੰਤਰੀਆਂ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਵਿਸਥਾਰ ‘ਚ ਗੱਲਬਾਤ ਕੀਤੀ, ਜਿਨ੍ਹਾਂ ਦੂਰਅੰਦੇਸ਼ੀ ਵਾਲੇ ਇਸ ਫੈਸਲੇ ਲਈ ਦੋਵਾਂ ਆਗੂਆਂ ਦੀ ਸ਼ਲਾਘਾ ਕੀਤੀ | ਇਕ ਸਰਹੱਦੀ ਪਿੰਡ ਨਾਲ ਸੰਬੰਧਤ ਅਮਰਪਾਲ ਤੇ ਤਿ੍ਪਤਾ ਰਾਣੀ ਨੇ ਦੋਵਾਂ ਆਗੂਆਂ ਨੂੰ ਦੱਸਿਆ ਕਿ ਇਹ ਸਕੂਲ ਸਰਕਾਰੀ ਸਕੂਲਾਂ ਵਾਂਗ ਲਗਦਾ ਹੀ ਨਹੀਂ | ਉਨ੍ਹਾ ਲੋੜਵੰਦ ਪਰਵਾਰਾਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਸੋਚਣ ਅਤੇ ਅਮਲ ਕਰਨ ਵਾਸਤੇ ਦੋਵਾਂ ਮੁੱਖ ਮੰਤਰੀਆਂ ਦੀ ਸ਼ਲਾਘਾ ਕੀਤੀ | ਉਨ੍ਹਾ ਕਿਹਾ ਕਿ ਪ੍ਰਾਈਵੇਟ ਸਕੂਲ ਕਿਸੇ ਨਾ ਕਿਸੇ ਬਹਾਨੇ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਦੇ ਹਨ, ਪਰ ਇਹ ਸਕੂਲ ਸਿੱਖਿਆ ਦੇ ਖ਼ੇਤਰ ਵਿੱਚ ਮਿਸਾਲੀ ਤਬਦੀਲੀ ਹਨ | ਇਕ ਹੋਰ ਅਧਿਆਪਕ ਰੀਨਾ ਮਹਿਤਾ ਨੇ ਵੀ ਇਸ ਇਤਿਹਾਸਕ ਪਹਿਲਕਦਮੀ ਲਈ ਮੁੱਖ ਮੰਤਰੀਆਂ ਦੀ ਸ਼ਲਾਘਾ ਕੀਤੀ | ਉਸ ਨੇ ਦੱਸਿਆ ਕਿ ਇਹ ਦੇਖ ਕੇ ਖ਼ੁਸ਼ੀ ਹੋ ਰਹੀ ਹੈ ਕਿ ਵਿਦਿਆਰਥੀ ਮੁਫ਼ਤ ‘ਚ ਮਿਆਰੀ ਸਿੱਖਿਆ ਹਾਸਲ ਕਰ ਰਹੇ ਹਨ | ਪ੍ਰਾਇਮਰੀ ਅਧਿਆਪਕ ਚੰਦਾ ਨੇ ਦੱਸਿਆ ਕਿ ਜੇ ਇਕ ਦਹਾਕਾ ਪਹਿਲਾਂ ਅਜਿਹੇ ਸਕੂਲ ਖੁੱਲ੍ਹੇ ਹੁੰਦੇ ਤਾਂ ਹੁਣ ਤੱਕ ਸੂਬੇ ਦਾ ਨਕਸ਼ਾ ਬਦਲ ਚੁੱਕਿਆ ਹੋਣਾ ਸੀ | ਉਸ ਨੇ ਦੱਸਿਆ ਕਿ ਉਸ ਦਾ ਬੱਚਾ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ, ਪਰ ਹੁਣ ਉਸ ਨੂੰ ਪ੍ਰੀਖਿਆ ਮਗਰੋਂ ਇਸ ਸਕੂਲ ਵਿੱਚ ਦਾਖ਼ਲਾ ਮਿਲ ਗਿਆ ਹੈ | ਉਸ ਨੇ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਸੰਵਾਰਨ ਦੇ ਉਦੇਸ਼ ਨਾਲ ਕੀਤੀ ਇਸ ਮਿਸਾਲੀ ਪਹਿਲਕਦਮੀ ਲਈ ਦੋਵਾਂ ਮੁੱਖ ਮੰਤਰੀ ਦੀ ਤਾਰੀਫ਼ ਕੀਤੀ | ਦੋਵਾਂ ਮੁੱਖ ਮੰਤਰੀਆਂ ਨੇ ਇਸ ਸਕੂਲ ਦੇ ਐੱਨ ਸੀ ਸੀ ਕੈਡੇਟਾਂ ਦੇ ਗਾਰਡ ਆਫ਼ ਆਨਰ ਤੋਂ ਸਲਾਮੀ ਲਈ | ਦੋਵੇਂ ਆਗੂ ਸਕੂਲ ‘ਚ ਨਵੇਂ ਬਣੇ ਬਾਸਕਟਬਾਲ ਕੋਰਟ ‘ਚ ਵੀ ਗਏ, ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਉਨ੍ਹਾਂ ਨੂੰ ਸਕੂਲ ਦੇ ਵੇਰਵਿਆਂ ਬਾਰੇ ਜਾਣੂੰ ਕਰਵਾਇਆ | ਦੋਵਾਂ ਮੁੱਖ ਮੰਤਰੀਆਂ ਨੇ ਸੂਬੇ ਦੇ ਸਰਕਾਰੀ ਸਕੂਲਾਂ ਲਈ ਸ਼ੁਰੂ ਕੀਤੀ ਟਰਾਂਸਪੋਰਟ ਸਹੂਲਤ ਦੀ ਪਹਿਲੀ ਬੱਸ ਨੂੰ ਹਰੀ ਝੰਡੀ ਦਿਖਾਈ | ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ, ਮੁੱਖ ਸਕੱਤਰ ਅਨੁਰਾਗ ਵਰਮਾ, ਸਕੱਤਰ ਸਿੱਖਿਆ ਵਿਭਾਗ ਕੇ ਕੇ ਯਾਦਵ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |





