ਨਵੀਂ ਦਿੱਲੀ : ਸਪਾਈਸ ਜੈੱਟ ਦੇ ਜਹਾਜ਼ ‘ਚ ਅਚਾਨਕ ਧੂੰਆਂ ਆਉਣ ਕਾਰਨ ਸ਼ਨੀਵਾਰ ਸਵੇਰੇ ਦਿੱਲੀ ‘ਚ ਇਸ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ | ਸਪਾਈਸ ਜੈੱਟ ਦੀ ਦਿੱਲੀ-ਜਬਲਪੁਰ ਫਲਾਈਟ ਦੇ ਕੈਬਿਨ ‘ਚ ਜਿਸ ਸਮੇਂ ਧੂੰਆਂ ਦਿਖਾਈ ਦਿੱਤਾ, ਉਦੋਂ ਜਹਾਜ਼ 5 ਹਜ਼ਾਰ ਫੁੱਟ ਦੀ ਉਚਾਈ ‘ਤੇ ਸੀ | ਸਪਾਈਸ ਜੈੱਟ ਨੇ ਇਹ ਜਾਣਕਾਰੀ ਦਿੱਤੀ | ਦਿੱਲੀ ਤੋਂ ਜਬਲਪੁਰ ਜਾ ਰਹੀ ਜੈੱਟ ਦੀ ਫਲਾਈਟ ‘ਚ ਲੱਗਭੱਗ 60 ਤੋਂ 70 ਯਾਤਰੀਆਂ ਨੂੰ ਲੈ ਕੇ ਜਦੋਂ ਜਹਾਜ਼ ਜਬਲਪੁਰ ਲਈ ਉਡਿਆ ਤਾਂ ਕੁਝ ਮਿੰਟਾਂ ਬਾਅਦ ਜਹਾਜ਼ ‘ਚ ਚਿੰਗਾਰੀ ਉਠੀ ਅਤੇ ਜਹਾਜ਼ ਦੇ ਅੰਦਰ ਧੰੂਆਂ ਹੀ ਧੂੰਆਂ ਹੋ ਗਿਆ | ਏ ਸੀ ਬੰਦ ਹੋ ਜਾਣ ਕਾਰਨ ਯਾਤਰੀ ਪ੍ਰੇਸ਼ਾਨ ਹੋ ਗਏ | ਜਹਾਜ਼ ‘ਚ ਆਈ ਗੜਬੜੀ ਤੋਂ ਬਾਅਦ ਪਾਇਲਟ ਨੇ ਦੁਬਾਰਾ ਦਿੱਲੀ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ |
ਪਿਛਲੇ ਦੋ ਹਫਤਿਆਂ ‘ਚ ਸਪਾਈਸ ਜੈੱਟ ਦੇ ਜਹਾਜ਼ ਵਿੱਚ ਅਜਿਹੀ ਪੰਜਵੀਂ ਘਟਨਾ ਹੈ | ਇਸ ਤੋਂ ਪਹਿਲਾਂ 19 ਜੂਨ ਨੂੰ ਪਟਨਾ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਤੁਰੰਤ ਬਾਅਦ ਸਪਾਈਸ ਜੈੱਟ ਦੇ ਦਿੱਲੀ ਜਾ ਰਹੇ ਜਹਾਜ਼ ਦੇ ਇੰਜਣ ‘ਚ ਅੱਗ ਲੱਗ ਗਈ ਸੀ, ਜਿਸ ਤੋਂ ਕੁਝ ਮਿੰਟਾਂ ਬਾਅਦ ਹੀ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ ਸੀ | ਜਹਾਜ਼ ‘ਚ 185 ਯਾਤਰੀ ਸਵਾਰ ਸਨ ਅਤੇ ਪੰਛੀ ਦੇ ਟਕਰਾਉਣ ਕਾਰਨ ਇੰਜਣ ਫੇਲ੍ਹ ਹੋ ਗਿਆ | 19 ਜੂਨ ਨੂੰ ਜਬਲਪੁਰ ਜਾ ਰਹੀ ਫਲਾਈਟ ਨੂੰ ਕੈਬਿਨ ਵਿੱਚ ਦਬਾਅ ਦੀ ਸਮੱਸਿਆ ਕਾਰਨ ਦਿੱਲੀ ਪਰਤਣਾ ਪਿਆ | ਦੋ ਵੱਖ-ਵੱਖ ਜਹਾਜਾਂ ਨੂੰ 24 ਜੂਨ ਅਤੇ 25 ਜੂਨ ਨੂੰ ਟੇਕ ਆਫ ਦੌਰਾਨ ਦਰਵਾਜ਼ਿਆਂ ‘ਚ ਖਰਾਬੀ ਦੀ ਚੇਤਾਵਨੀ ਮਿਲਣ ਤੋਂ ਬਾਅਦ ਫਲਾਈਟ ਨੂੰ ਰੱਦ ਕਰਨਾ ਪਿਆ ਸੀ | ਸ਼ਨੀਵਾਰ ਦੀ ਘਟਨਾ ਤੋਂ ਬਾਅਦ ਸਪਾਈਸ ਜੈੱਟ ਵੱਲੋਂ ਬਿਆਨ ਜਾਰੀ ਕੀਤਾ ਗਿਆ | ਉਸ ‘ਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਅਤੇ ਮੁਸਾਫਰਾਂ ਦੇ ਸੁਰੱਖਿਅਤ ਹੋਣ ਦੀ ਗੱਲ ਤਾਂ ਕਹੀ ਗਈ, ਪਰ ਹਾਦਸੇ ਦੇ ਕਾਰਨਾਂ ਦੀ ਗੱਲ ਨਹੀਂ ਕੀਤੀ ਗਈ |





