ਨਵੀਂ ਦਿੱਲੀ : ਉਦੈਪੁਰ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਮੁਹੰਮਦ ਰਿਆਜ਼ ਉਤਾਰੀ ਦਾ ਸਿਆਸੀ ਕੁਨੈਕਸ਼ਨ ਸਾਹਮਣੇ ਆਇਆ ਹੈ | ਇੱਕ ਤਸਵੀਰ ‘ਚ ਉਹ ਭਾਜਪਾ ਦੇ ਕੱਦਵਾਰ ਨੇਤਾ ਗੁਲਾਬ ਚੰਦਰ ਕਟਾਰੀਆ ਦੇ ਨਾਲ ਨਜ਼ਰ ਆ ਰਿਹਾ ਹੈ | ਇਹ ਤਸਵੀਰ 2018 ਦੀ ਹੈ | ਇਸ ਤੋਂ ਇਲਾਵਾ ਭਾਜਪਾ ਘੱਟ ਗਿਣਤੀ ਮੋਰਚੇ ਨਾਲ ਜੁੜੇ ਇੱਕ ਵਰਕਰ ਦਾ ਇੱਕ ਪੁਰਾਣਾ ਪੋਸਟ ਵੀ ਸਾਹਮਣੇ ਆਇਆ ਹੈ | ਇਸ ‘ਚ ਰਿਆਜ਼ ਨੂੰ ਭਾਜਪਾ ਵਰਕਰ ਦੱਸਿਆ ਹੈ | ਕਾਂਗਰਸ ਦੇ ਰਾਸ਼ਟਰੀ ਬੁਲਾਰੇ ਪਵਨ ਖੇੜਾ ਨੇ ਸਵਾਲ ਕੀਤਾ ਕਿ ਕਨੱ੍ਹਈਆ ਲਾਲ ਦੀ ਹੱਤਿਆ ਦਾ ਮੁੱਖ ਦੋਸ਼ੀ ਭਾਜਪਾ ਵਰਕਰ ਹੈ, ਕੀ ਇਸੇ ਕਾਰਨ ਕੇਂਦਰ ਨੇ ਜਲਦਬਾਜ਼ੀ ‘ਚ ਐੱਨ ਆਈ ਏ ਨੂੰ ਜਾਂਚ ਸੌਂਪੀ?
ਭਾਜਪਾ ਘੱਟ ਗਿਣਤੀ ਮੋਰਚੇ ਨਾਲ ਜੁੜੇ ਇਰਸ਼ਾਦ ਚੈਨਵਾਲਾ ਅਤੇ ਵਰਕਰ ਮੁਹੰਮਦ ਤਾਹਿਰ ਦੀ 2019 ‘ਚ ਇੱਕ ਸੋਸ਼ਲ ਮੀਡੀਆ ਪੋਸਟ ‘ਚ ਰਿਆਜ਼ ਦਿਖਾਈ ਦੇ ਰਿਹਾ ਹੈ | ਇੱਕ ਤਸਵੀਰ ‘ਚ ਇਰਸ਼ਾਦ ਚੈਨਵਾਲਾ ਰਿਆਜ਼ ਨੂੰ ਫੁੱਲਾਂ ਦੀ ਮਾਲਾ ਪਾਉਂਦਾ ਹੈ | ਇਸ ਬਾਰੇ ‘ਚ ਪੁੱਛੇ ਜਾਣ ‘ਤੇ ਇਰਸ਼ਾਦ ਚੈਨਵਾਲਾ ਨੇ ਕਿਹਾ ਕਿ ਰਿਆਜ਼ ਮੱਕਾ ਮਦੀਨਾ ਤੋਂ ਉਮਰਾ ਕਰਕੇ ਵਾਪਸ ਆਇਆ ਸੀ, ਉਦੋਂ ਮਾਲਾ ਪਹਿਨਾ ਕੇ ਉਸ ਦਾ ਸਵਾਗਤ ਕੀਤਾ ਗਿਆ ਸੀ | ਚੈਨਵਾਲਾ ਨੇ ਕਿਹਾ ਕਿ ਰਿਆਜ਼ ਨਾਲ ਉਸ ਨੂੰ ਮੁਹੰਮਦ ਤਾਹਿਰ ਨੇ ਹੀ ਮਿਲਵਾਇਆ ਸੀ, ਉਸ ਦਾ ਰਿਆਜ਼ ਨਾਲ ਕੋਈ ਕੁਨੈਕਸ਼ਨ ਨਹੀਂ ਹੈ | ਸ਼ਨੀਵਾਰ ਕਾਂਗਰਸ ਮੁੱਖ ਦਫਤਰ ‘ਚ ਪਾਰਟੀ ਨੇਤਾ ਪਵਨ ਖੇੜਾ ਨੇ ਕਿਹਾ ਕਿ ਉਦੈਪੁਰ ‘ਚ ਹੋਈ ਘਟਨਾ ਦੇ ਸੰਬੰਧ ‘ਚ ਕੱਲ੍ਹ ਮੀਡੀਆ ਦੇ ਇੱਕ ਗਰੁੱਪ ਨੇ ਇੱਕ ਖੁਲਾਸਾ ਕੀਤਾ | ਇਸ ਖੁਲਾਸੇ ‘ਚ ਉਦੈਪੁਰ ‘ਚ ਕਨੱ੍ਹਈਆ ਲਾਲ ਦੀ ਹੱਤਿਆ ਦਾ ਮੁੱਖ ਦੋਸ਼ੀ ਰਿਆਜ਼ ਉਤਾਰੀ ਨਾਲ ਭਾਜਪਾ ਦੇ ਦੋ ਨੇਤਾਵਾਂ (ਇਰਸ਼ਾਦ ਚੈਨਵਾਲਾ ਅਤੇ ਮੁਹੰਮਦ ਤਾਹਿਰ) ਦੀਆਂ ਤਸਵੀਰਾਂ ਜੱਗ ਜ਼ਾਹਰ ਹਨ | ਇਸ ਖੁਲਾਸੇ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁੱਖ ਦੋਸ਼ੀ ਰਿਆਜ਼ ਉਤਾਰੀ ਰਾਜਸਥਾਨ ਭਾਜਪਾ ਦੇ ਕੱਦਵਾਰ ਨੇਤਾ ਅਤੇ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਦੇ ਪ੍ਰੋਗਰਾਮਾਂ ‘ਚ ਅਕਸਰ ਹਿੱਸਾ ਲੈਂਦਾ ਸੀ | ਉਨ੍ਹਾ ਕਿਹਾ ਕਿ ਫੇਸਬੁਕ ‘ਤੇ ਭਾਜਪਾ ਨੇਤਾ ਇਰਸ਼ਾਦ ਚੈਨਵਾਲਾ ਦੇ 30 ਨਵੰਬਰ 2018 ਅਤੇ ਮੁਹੰਮਦ ਤਾਹਿਰ ਦੇ 3 ਫਰਵਰੀ 2019, 27 ਅਕਤੂਬਰ 2019, 10 ਅਗਸਤ 2021, 28 ਨਵੰਬਰ 2019 ਅਤੇ ਹੋਰ ਪੋਸਟਾਂ ਜ਼ਰੀਏ ਸਪੱਸ਼ਟ ਹੈ ਕਿ ਉਦੈਪੁਰ ‘ਚ ਕਨੱ੍ਹਈਆ ਲਾਲ ਦੀ ਹੱਤਿਆ ਦਾ ਦੋਸ਼ੀ ਰਿਆਜ਼ ਉਤਾਰੀ ਨਾ ਸਿਰਫ਼ ਭਾਜਪਾ ਨੇਤਾਵਾਂ ਦਾ ਕਰੀਬੀ ਸੀ, ਬਲਕਿ ਸਰਗਰਮ ਮੈਂਬਰ ਵੀ ਸੀ | ਭਾਜਪਾ ਨੇਤਾ ਗੁਲਾਬ ਚੰਦਰ ਕਟਾਰੀਆ ਨੇ ਸਫਾਈ ਦਿੰਦੇ ਕਿਹਾ ਕਿ ਭਾਜਪਾ ਦੇ ਘੱਟ ਗਿਣਤੀ ਵਿੰਗ ਦੇ ਪ੍ਰੋਗਰਾਮਾਂ ‘ਚ ਸ਼ਾਮਲ ਹੋਣਾ ਕੋਈ ਅਪਰਾਧ ਨਹੀਂ, ਇਹ ਮੇਰੇ ਕੰਟਰੋਲ ‘ਚ ਨਹੀਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ‘ਚ ਕੌਣ ਮੇਰੇ ਨਾਲ ਤਸਵੀਰ ਖਿਚਵਾਉਂਦਾ ਹੈ | ਫਿਰ ਵੀ ਜੇਕਰ ਕੋਈ ਸੋਚਦਾ ਹੈ ਕਿ ਮੈਂ ਅਪਰਾਧ ਕੀਤਾ ਹੈ ਤਾਂ ਉਹ ਮੇਰੇ ਖਿਲਾਫ਼ ਅਪਰਾਧਿਕ ਕੇਸ ਦਰਜ ਕਰਵਾ ਸਕਦਾ ਹੈ |




