ਜਲੰਧਰ (ਕੇਸਰ)-ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲਗਾਏ ਗਏ ਸਿੱਖਿਆਰਥੀ ਚੇਤਨਾ ਕੈਂਪ ਦੇ ਦੂਜੇ ਦਿਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਪਰਮਿੰਦਰ ਅਤੇ ਡਾ. ਸੁਖਦੇਵ ਸਿਰਸਾ ਨੇ ਪੰਜਾਬ ਭਰ ਤੋਂ ਆਏ ਪ੍ਰੋ. ਬਰਕਤ ਉੱਲਾ ਹਾਲ ’ਚ ਜੁੜੇ ਸਿਖਿਆਰਥੀਆਂ ਨੂੰ ਸੰਬੋਧਨ ਕੀਤਾ। ਪਹਿਲੇ ਸੈਸ਼ਨ ’ਚ ਡਾ. ਪਰਮਿੰਦਰ ਨੇ ‘ਫ਼ਿਰਕੂ ਫਾਸ਼ੀ ਹੱਲੇ ਅਤੇ ਅਜੋਕੀ ਹਾਲਤ’ ਵਿਸ਼ੇ ’ਤੇ ਬੋਲਦਿਆਂ ਫ਼ਿਰਕੂ ਫਾਸ਼ੀ ਵਰਤਾਰੇ ਦੀ ਜਨਮ-ਭੋਇੰ ਆਰਥਕ, ਰਾਜਨੀਤਕ, ਸਮਾਜਕ ਤਾਣੇ-ਬਾਣੇ ਦੀਆਂ ਮਹੀਨ ਪਰਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾ ਦੱਸਿਆ ਕਿ ਦੁਨੀਆ ਭਰ ਦੇ ਕੁਦਰਤੀ ਅਨਮੋਲ ਖਜ਼ਾਨਿਆਂ ਉਪਰ ਜੱਫਾ ਮਾਰਨ ਲਈ ਸਰਮਾਏਦਾਰੀ ਦੇ ਫੈਲਦੇ ਪੰਜਿਆਂ ਦੀ ਇਹ ਲੋੜ ਬਣੀ ਕਿ ਉਹ ਵੰਡ-ਪਾਊ, ਕੁੜੱਤਣ ਅਤੇ ਕਤਲੋਗਾਰਦ ਭਰਿਆ ਮਾਹੌਲ ਸਿਰਜ ਕੇ ਆਪਣੇ ਰਾਹ ਮੋਕਲੇ ਕਰ ਸਕਣ। ਉਹਨਾ ਇਤਿਹਾਸ ਦੇ ਝਰੋਖੇ ’ਚੋਂ ਠੋਸ ਹਵਾਲੇ ਦਿੰਦਿਆਂ ਦੱਸਿਆ ਕਿ ਸਾਡੇ ਮੁਲਕ ਅੰਦਰ 1947 ਦੇ ਦੌਰ ਤੋਂ ਹੀ ਹਾਕਮ ਧੜਿਆਂ ਦੇ ਥਾਪੜੇ ਦੀ ਪਾਲ਼ੀ-ਪਲ਼ੋਸੀ ਫ਼ਿਰਕੂ ਦਹਿਸ਼ਤਗਰਦੀ ਦਾ ਹਥਿਆਰ ਲੋਕਾਂ ਉਪਰ ਬੇਕਿਰਕੀ ਨਾਲ ਵਰਤਿਆ ਗਿਆ। ਉਹਨਾ ਕਿਹਾ ਕਿ ਪਹਿਲੇ ਰਾਜ ਕਰਤਾ ਨੇਤਾਵਾਂ ਵੱਲੋਂ ਵੀ ਫ਼ਿਰਕੂ ਪੱਤਾ ਖ਼ੂਬ ਵਰਤਿਆ ਗਿਆ ਅਤੇ ਹੁਣ ਮੋਦੀ ਹਕੂਮਤ ਸਮੇਂ ਇਹ ਸਾਰੀਆਂ ਹੱਦਾਂ ਪਾਰ ਕਰ ਗਿਆ। ਹੁਣ ਹਿਟਲਰ, ਮੁਸੋਲਿਨੀ ਦੇ ਕਾਲ਼ੇ ਦੌਰ ਵਾਲੇ ਤਜਰਬੇ ਭਾਰਤ ਅੰਦਰ ਲਾਗੂ ਕਰਨ ਲਈ ਘੁਮੰਤੂ ਕਿਸਮ ਦੇ ਗੈਰ-ਸਮਾਜੀ ਤੱਤਾਂ ਹੱਥ ਹਥਿਆਰ ਅਤੇ ਮਨਾਂ ਅੰਦਰ ਜ਼ਹਿਰ ਭਰ ਕੇ ਦਹਿਸ਼ਤਗਰਦੀ ਅਤੇ ਮਾਰ-ਧਾੜ ਦਾ ਬਾਜ਼ਾਰ ਗਰਮ ਕੀਤਾ ਜਾ ਰਿਹਾ ਹੈ। ਡਾ. ਪਰਮਿੰਦਰ ਨੇ ਕਿਹਾ ਕਿ ਫ਼ਿਰਕੂ ਫਾਸ਼ੀ ਹੱਲੇ ਨੂੰ ਪਛਾੜਨ ਲਈ ਲੋਕਾਂ ਦੇ ਹਕੀਕੀ ਮੁੱਦਿਆਂ ਉਪਰ ਲਾਮਬੰਦੀ ਕਰਨ ਲਈ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਲੁੱਟ, ਫ਼ਿਰਕਾਪ੍ਰਸਤੀ, ਜਾਤ-ਪ੍ਰਸਤੀ ਦੇ ਆਧਾਰ ’ਤੇ ਕਾਬਜ਼ ਅਜੋਕੇ ਰਾਜ ਪ੍ਰਬੰਧ ਨੂੰ ਮੂਲੋਂ ਬਦਲ ਕੇ ਗ਼ਦਰੀ ਦੇਸ਼ ਭਗਤਾਂ ਦੀ ਆਜ਼ਾਦੀ, ਬਰਾਬਰੀ, ਧਰਮ ਨਿਰਪੱਖਤਾ ਅਤੇ ਸਾਂਝੀਵਾਲਤਾ ’ਤੇ ਅਧਾਰਤ ਨਿਜ਼ਾਮ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ।
ਦੂਜੇ ਸੈਸ਼ਨ ’ਚ ‘ਫਾਸ਼ੀ ਹੱਲੇ ਦਾ ਸਾਹਿਤ/ ਸੱਭਿਆਚਾਰ ’ਤੇ ਪ੍ਰਭਾਵ’ ਵਿਸ਼ੇ ’ਤੇ ਬੋਲਦਿਆਂ ਡਾ. ਸੁਖਦੇਵ ਸਿਰਸਾ ਨੇ ਕਿਹਾ ਕਿ ਵਿਸ਼ਵੀਕਰਨ ਦੇ ਨਾਂਅ ਹੇਠ ਕਾਰਪੋਰੇਟ ਘਰਾਣਿਆਂ ਨੇ ਵਿਸ਼ਾਲ ਲੋਕਾਈ ਦਾ ਜਹਾਨ ਲੁੱਟ ਲਿਆ ਹੈ। ਉਹਨਾ ਨਾਮਵਰ ਕਵੀਆਂ, ਸਾਹਿਤਕਾਰਾਂ ਦੀ ਕਲਮ ਦੁਆਰਾ ਰਚੇ ਹਵਾਲੇ ਦਿੰਦਿਆਂ ਦਰਸਾਇਆ ਕਿ ਜਿਹੜੀ ਹਾਕਮ ਧਿਰ ਆਰਥਕਤਾ ਉਪਰ ਕਾਬਜ਼ ਹੋਏ, ਉਹ ਆਪਣੇ ਸਿੰਘਾਸਨ ਨੂੰ ਸਲਾਮਤ ਰੱਖਣ ਲਈ ਆਪਣੇ ਹਿੱਤਾਂ ਦੇ ਰਾਸ ਆਉਂਦਾ ਸੱਭਿਆਚਾਰ ਪਰੋਸਦੀ ਹੈ। ਉਹਨਾ ਕਿਹਾ ਕਿ ਕਿਸਾਨ ਸੰਘਰਸ਼ ਨੇ ਪੰਜਾਬੀ ਗਾਇਕੀ ਦਾ ਮੁਹਾਂਦਰਾ ਲੋਕ-ਮੁਖੀ ਕਰਨ ਵੱਲ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾ ਕਿਹਾ ਕਿ ਫ਼ਿਰਕੂ ਫਾਸ਼ੀ ਅਤੇ ਵਿਸ਼ਵੀਕਰਨ ਦੇ ਨਾਂਅ ’ਤੇ ਜੋ ਵੀ ਹੱਲੇ ਹੋ ਰਹੇ ਨੇ, ਇਹ ਵੀ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਭਵਿੱਖ ਨਾਬਰੀ, ਪ੍ਰਤੀਰੋਧ ਅਤੇ ਲੋਕ ਸੰਘਰਸ਼ਾਂ ਦੇ ਹਾਣ ਦੇ ਸਾਹਿਤ ਦਾ ਹੈ। ਜਬਰ ਦੇ ਦੌਰ ਅੰਦਰ ਭਵਿੱਖ਼ ’ਚ ਰੋਸ ਅਤੇ ਬਦਲਵੇਂ ਲੋਕ-ਪੱਖੀ ਰਾਹਾਂ ਦਾ ਸਾਹਿਤ ਅਤੇ ਸੱਭਿਆਚਾਰ ਪ੍ਰਫੁੱਲਤ ਹੋਵੇਗਾ। ਸਮੂਹ ਸਿਖਿਆਰਥੀਆਂ ਨੂੰ ਕਿਤਾਬਾਂ ਅਤੇ ਪ੍ਰਮਾਣ ਪੱਤਰ ਨਾਲ ਸਨਮਾਨਤ ਕਰਨ ਉਪਰੰਤ ਆਪੋ ਆਪਣੇ ਖੇਤਰਾਂ ਨੂੰ ਇਨਕਲਾਬੀ ਸ਼ੁੱਭ ਇਛਾਵਾਂ ਨਾਲ ਵਿਦਾ ਕੀਤਾ ਗਿਆ।
ਕਮੇਟੀ ਦੇ ਵਿੱਤ ਸਕੱਤਰ ਸ਼ੀਤਲ ਸਿੰਘ ਸੰਘਾ ਨੇ ਕੈਂਪ ’ਚ ਜੁੜੇ ਸਿਖਿਆਰਥੀਆਂ ਨੂੰ ਗ਼ਦਰ ਇਤਿਹਾਸ ਅਤੇ ਪੁਸਤਕ ਸੱਭਿਆਚਾਰ ਨਾਲ ਜੁੜਨ ਦਾ ਸੱਦਾ ਦਿੱਤਾ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਦੋ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਦੇ ਸਭਨਾਂ ਬੁਲਾਰਿਆਂ ਅਤੇ ਸਿਖਿਆਰਥੀਆਂ ਦਾ ਕਮੇਟੀ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਯਤਨ ਤੁਹਾਡੇ ਸਹਿਯੋਗ ਸਦਕਾ ਹੀ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ। ਉਨ੍ਹਾ 30, 31 ਅਕਤੂਬਰ ਅਤੇ 1 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਲੱਗ ਰਹੇ 32ਵੇਂ ਮੇਲੇ ’ਚ ਹਰ ਪੱਖੋਂ ਸਹਿਯੋਗ ਕਰਨ ਅਤੇ ਕਾਫ਼ਲੇ ਬੰਨ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਸਿਖਿਆਰਥੀ ਚੇਤਨਾ ਕੈਂਪ ’ਚ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੀਨੀਅਰ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਵਿਜੈ ਬੰਬੇਲੀ, ਰਣਜੀਤ ਸਿੰਘ ਔਲਖ, ਡਾ. ਸੈਲੇਸ਼, ਹਰਮੇਸ਼ ਮਾਲੜੀ ਵੀ ਹਾਜ਼ਰ ਸਨ। ਸਿਖਿਆਰਥੀ ਚੇਤਨਾ ਕੈਂਪ ਦਾ ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।