ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਕਿਹਾ ਕਿ ਉਨ੍ਹਾ ਦੀ ਪਾਰਟੀ ਆਪੋਜ਼ੀਸ਼ਨ ਦੇ ਗੱਠਜੋੜ ‘ਇੰਡੀਆ’ ਦੇ ਨਾਲ ਹੈ ਤੇ ਇਸ ਨਾਲੋਂ ਤੋੜ-ਵਿਛੋੜਾ ਨਹੀਂ ਕਰੇਗੀ | ਕੇਜਰੀਵਾਲ ਦੀ ਇਹ ਟਿੱਪਣੀ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 8 ਸਾਲ ਪੁਰਾਣੇ ਡਰੱਗ ਕੇਸ ਵਿਚ ਗਿ੍ਫਤਾਰ ਕਰਨ ਦੇ ਬਾਅਦ ਸੂਬੇ ਦੀ ‘ਆਪ’ ਸਰਕਾਰ ‘ਤੇ ਪੰਜਾਬ ਕਾਂਗਰਸ ਵੱਲੋਂ ਬਦਲਾਲਊ ਸਿਆਸਤ ਕਰਨ ਦੇ ਲਾਏ ਗਏ ਦੋਸ਼ ਦੇ ਪਿਛੋਕੜ ਵਿਚ ਅਹਿਮ ਹੈ | ‘ਆਪ’ ਨੇ ਪੰਜਾਬ ਕਾਂਗਰਸ ਦੇ ਦੋਸ਼ ਨੂੰ ਝੁਠਲਾਉਂਦਿਆਂ ਕਿਹਾ ਹੈ ਕਿ ਗਿ੍ਫਤਾਰੀ ਕਾਨੂੰਨ ਮੁਤਾਬਕ ਕੀਤੀ ਗਈ ਹੈ | ਪ੍ਰੈੱਸ ਕਾਨਫਰੰਸ ਵਿਚ ਕੇਜਰੀਵਾਲ ਤੋਂ ਪੁੱਛਿਆ ਗਿਆ ਸੀ ਕਿ ਭੁਲੱਥ ਦੇ ਵਿਧਾਇਕ ਦੀ ਗਿ੍ਫਤਾਰੀ ਦਾ ‘ਇੰਡੀਆ’ ਦੇ ਭਵਿੱਖ ‘ਤੇ ਅਸਰ ਤਾਂ ਨਹੀਂ ਹੋਵੇਗਾ | ਕੇਜਰੀਵਾਲ ਨੇ ਕਿਹਾ-ਅਸੀਂ ਇੰਡੀਆ ਪ੍ਰਤੀ ਵਚਨਬੱਧ ਹਾਂ | ਅਸੀਂ ਇਸ ਤੋਂ ਅੱਡ ਨਹੀਂ ਹੋਵਾਂਗੇ | ਅਸੀਂ ਗੱਠਜੋੜ ਧਰਮ ਨਿਭਾਵਾਂਗੇ |
ਖਹਿਰਾ ਦੇ ਮਾਮਲੇ ਬਾਰੇ ਪੁੱਛਣ ‘ਤੇ ਕੇਜਰੀਵਾਲ ਨੇ ਕਿਹਾ-ਮੈਂ ਇਸ ਬਾਰੇ ਸੁਣਿਆ ਹੈ, ਪਰ ਮੇਰੇ ਕੋਲ ਵੇਰਵੇ ਨਹੀਂ | ਤੁਹਾਨੂੰ ਪੰਜਾਬ ਪੁਲਸ ਨਾਲ ਗੱਲ ਕਰਨੀ ਪਵੇਗੀ | ਭਗਵੰਤ ਮਾਨ ਸਰਕਾਰ ਸੂਬੇ ਵਿਚ ਡਰੱਗ ਦੀ ਸਮੱਸਿਆ ਨੂੰ ਖਤਮ ਕਰਨ ਪ੍ਰਤੀ ਵਚਨਬੱਧ ਹੈ, ਜਿਸ ਨੇ ਨੌਜਵਾਨਾਂ ਨੂੰ ਤਬਾਹ ਕਰ ਦਿੱਤਾ ਹੈ | ਕੋਈ ਛੋਟਾ ਹੋਵੇ ਜਾਂ ਵੱਡਾ ਕਸੂਰਵਾਰ ਛੱਡੇ ਨਹੀਂ ਜਾਣਗੇ | ਮੈਂ ਕਿਸੇ ਖਾਸ ਘਟਨਾ ਬਾਰੇ ਟਿੱਪਣੀ ਨਹੀਂ ਕਰ ਰਿਹਾ ਕਿਉਂਕਿ ਮੇਰੇ ਕੋਲ ਵੇਰਵੇ ਨਹੀਂ ਹਨ | ‘ਇੰਡੀਆ’ ਵੱਲੋਂ ਕਿਸੇ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਨਾ ਬਣਾਉਣ ਬਾਰੇ ਪੁੱਛਣ ‘ਤੇ ਕੇਜਰੀਵਾਲ ਨੇ ਕਿਹਾ-ਸਾਨੂੰ ਅਜਿਹਾ ਸਿਸਟਮ ਬਣਾਉਣਾ ਪੈਣਾ ਕਿ ਦੇਸ਼ ਦੇ ਸਾਰੇ 140 ਕਰੋੜ ਲੋਕ ਖੁਦ ਨੂੰ ਪ੍ਰਧਾਨ ਮੰਤਰੀ ਸਮਝਣ | ਸਾਨੂੰ ਲੋਕਾਂ ਨੂੰ ਤਕੜੇ ਕਰਨਾ ਪੈਣਾ, ਨਾ ਕਿ ਇਕ ਵਿਅਕਤੀ ਨੂੰ |