ਭੁਪਾਲ : ਮੱਧ ਪ੍ਰਦੇਸ਼ ’ਚ ਚੋਣ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਭਾਜਪਾ ਅਤੇ ਕਾਂਗਰਸ ਸੂਬੇ ’ਚ ਤਾਬੜਤੋੜ ਰੈਲੀਆਂ ਕਰ ਰਹੇ ਹਨ। ਸ਼ਨੀਵਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੂਬੇ ਦੇ ਸ਼ਾਜਾਪੁਰ ’ਚ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾ ਕਿਹਾ ਕਿ ਮੱਧ ਪ੍ਰਦੇਸ਼ ਦੇਸ਼ ’ਚ ਭਿ੍ਰਸ਼ਟਾਚਾਰ ਦਾ ਕੇਂਦਰ ਹੈ। ਸੂਬੇ ’ਚ ਭਾਜਪਾ ਦੇ 18 ਸਾਲਾਂ ਦੇ ਸ਼ਾਸਨ ’ਚ 18000 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਰਾਹੁਲ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਓ ਬੀ ਸੀ ਲੋਕਾਂ ਦੀ ਗਿਣਤੀ ਦਾ ਪਤਾ ਲਾਉਣ ਲਈ ਦੇਸ਼ ’ਚ ਜਾਤੀ ਜਨਗਣਨਾ ਕੀਤੀ ਜਾਵੇਗੀ। ਉਹਨਾ ਕਿਹਾ ਕਿ ਇਹ ਵਿਚਾਰਾਂ ਦੀ ਲੜਾਈ ਹੈ। ਭਾਜਪਾ ’ਤੇ ਨਫ਼ਰਤ ਫੈਲਾਉਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾ ਕਿਹਾ ਕਿ ਇੱਕ ਪਾਸੇ ਕਾਂਗਰਸ ਪਾਰਟੀ ਅਤੇ ਗਾਂਧੀ ਜੀ ਹਨ, ਦੂਜੇ ਪਾਸੇ ਭਾਜਪਾ, ਆਰ ਐੱਸ ਐੱਸ ਅਤੇ ਗੌਡਸੇ। ਇੱਕ ਪਾਸੇ ਨਫ਼ਰਤ ਅਤੇ ਹਿੰਸਾ ਹੈ ਤਾਂ ਦੂਜੇ ਪਾਸੇ ਪਿਆਰ, ਸਨਮਾਨ ਅਤੇ ਭਾਈਚਾਰਾ ਹੈ। ਰਾਹੁਲ ਨੇ ਕਿਹਾ ਕਿ ਜਿੱਥੇ ਵੀ ਭਾਜਪਾ ਦੇ ਲੋਕ ਜਾਂਦੇ ਹਨ, ਉਹ ਨਫ਼ਰਤ ਫੈਲਾਉਂਦੇ ਹਨ, ਪਰ ਹੁਣ ਐੱਮ ਪੀ ਦੇ ਨੌਜਵਾਨਾਂ ਅਤੇ ਕਿਸਾਨਾਂ ਨੇ ਉਨ੍ਹਾਂ ਨੂੰ ਪਸੰਦ ਕਰਨਾ ਬੰਦ ਕਰ ਦਿੱਤਾ ਹੈ। ਮੱਧ ਪ੍ਰਦੇਸ਼ ਦੇਸ਼ ’ਚ ਭਿ੍ਰਸ਼ਟਾਚਾਰ ਦਾ ਕੇਂਦਰ ਬਣ ਗਿਆ ਹੈ।
ਉਨ੍ਹਾ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਜਦ ਲੋਕਾਂ ਨਾਲ ਉਨ੍ਹਾ ਦੀ ਗੱਲਬਾਤ ਹੋਈ ਤਾਂ ਸਾਰਿਆਂ ਨੇ ਇਹੀ ਸ਼ਿਕਾਇਤ ਕੀਤੀ ਕਿ ਸੂਬੇ ’ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜੰਮ ਕੇ ਭਿ੍ਰਸ਼ਟਾਚਾਰ ਕੀਤਾ। ਮਹਾਕਾਲ ਕਾਰੀਡੋਰ, ਵਿਆਪਮ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਸੂਬੇ ’ਚ ਐੱਮ ਬੀ ਬੀ ਐੱਸ ਦੀਆਂ ਸੀਟਾਂ ਵੇਚੀਆਂ ਜਾ ਰਹੀਆਂ ਹਨ। ਮੱਧ ਪ੍ਰਦੇਸ਼ ਭਿ੍ਰਸ਼ਟਾਚਾਰ ਦਾ ਐਪੀਸੈਂਟਰ ਬਣ ਗਿਆ ਹੈ। ਮੱਧ ਪ੍ਰਦੇਸ਼ ਹਿੰਦੁਸਤਾਨ ’ਚ ਭਿ੍ਰਸ਼ਟਾਚਾਰ ਦਾ ਸੈਂਟਰ ਹੈ। ਜਿੰਨਾ ਭਿ੍ਰਸ਼ਟਾਚਾਰ ਭਾਜਪਾ ਦੇ ਲੋਕਾਂ ਨੇ ਇੱਥੇ ਕੀਤਾ, ਓਨਾ ਪੂਰੇ ਦੇਸ਼ ’ਚ ਨਹੀਂ ਕੀਤਾ। ਬੱਚਿਆਂ ਦੇ ਫੰਡ, ਮਿੱਡ ਡੇ ਮੀਲ ਦੇ ਫੰਡ ਚੋਰੀ ਕੀਤੇ। ਮਹਾਕਾਲ ਕਾਰੀਡੋਰ ’ਚ ਭਾਜਪਾ ਨੇ ਪੈਸਾ ਚੋਰੀ ਕੀਤਾ। ਸੂਬਾ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਹੀ ਭਾਅ ਨਹੀਂ ਦੇ ਰਹੀ। ਛੱਤੀਸਗੜ੍ਹ ਦੇ ਕਿਸਾਨਾਂ ਤੋਂ ਜਾ ਕੇ ਪੁੱਛੋ ਕਿ ਉਨ੍ਹਾਂ ਨੂੰ ਫਸਲ ਦਾ ਕਿੰਨਾ ਪੈਸਾ ਮਿਲਦਾ ਹੈ। ਅਸੀਂ ਜੋ ਵਾਅਦਾ ਕੀਤਾ, ਉਸ ਨੂੰ ਪੂਰਾ ਕੀਤਾ। ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਕਿਸਾਨ ਟੈਕਸ ਦੇ ਰਹੇ ਹਨ। ਉਨ੍ਹਾਂ ਜੀ ਐੱਸ ਟੀ ਲਾਗੂ ਕੀਤਾ। ਸਾਡੀ ਸਰਕਾਰ ਗਰੀਬਾਂ ਅਤੇ ਕਿਸਾਨਾਂ ਲਈ ਕੰਮ ਕਰਦੀ ਹੈ।