ਜੰਮੂ : ਰਾਮਬਨ ਜ਼ਿਲ੍ਹੇ ’ਚ ਇਕ ਵਾਹਨ ’ਚੋਂ ਪੁਲਸ ਨੇ 30 ਕਿੱਲੋ ਕੋਕੀਨ ਬਰਾਮਦ ਕੀਤੀ, ਜਿਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 300 ਕਰੋੜ ਰੁਪਏ ਹੈ। ਇਸ ਸੰਬੰਧ ਵਿੱਚ ਪੁਲਸ ਨੇ ਪੰਜਾਬ ਦੇ ਦੋ ਵਸਨੀਕਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ ਸਰਬਜੀਤ ਸਿੰਘ ਅਤੇ ਫਗਵਾੜਾ ਦੇ ਰਹਿਣ ਵਾਲੇ ਹਨੀ ਬਸਰਾ ਵਜੋਂ ਹੋਈ ਹੈ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਸ ਗਿ੍ਰਫਤਾਰੀ ਨਾਲ ਨਸ਼ਿਆਂ ਦੇ ਅੱਤਵਾਦ ’ਚ ਸ਼ਾਮਲ ਗਰੋਹ ਦਾ ਪਰਦਾ ਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਸਨਿੱਚਰਵਾਰ ਰਾਤ ਨੂੰ ਹੋਈ ਇਹ ਬਰਾਮਦਗੀ ਜੰਮੂ-ਸ੍ਰੀਨਗਰ ਕੌਮੀ ਮਾਰਗ ਦੇ ਨਾਲ ਲੱਗਦੇ ਬਨੀਹਾਲ ਖੇਤਰ ’ਚੋਂ ਕੀਤੀ ਗਈ ਤੇ ਇਸ ਸਾਲ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਮੁਲਜ਼ਮਾਂ ਨੇ 27 ਕਿੱਲੋ ਕੋਕੀਨ ਬੈਗਾਂ ’ਚ ਭਰੀ ਹੋਈ ਸੀ, ਜਦਕਿ ਤਿੰਨ ਕਿੱਲੋ ਕੋਕੀਨ ਵਾਹਨ ਦੀ ਛੱਤ ’ਤੇ ਛੁਪਾਈ ਹੋਈ ਸੀ।
ਪਹਿਲਾਂ ਸਮਝਿਆ ਗਿਆ ਸੀ ਕਿ ਹੈਰੋਇਨ ਹੱਥ ਲੱਗੀ ਹੈ, ਪਰ ਉਹ ਕੋਕੀਨ ਨਿਕਲੀ। ਅਧਿਕਾਰੀਆਂ ਨੇ ਕਿਹਾ ਕਿ ਹਾਈ ਗਰੇਡ ਦੀ ਕੋਕੀਨ ਸਰਹੱਦ ਪਾਰੋਂ ਸਮੱਗਲ ਕਰਕੇ ਪੰਜਾਬ ਲਿਆਂਦੀ ਜਾਂਦੀ ਹੈ।





