ਹਾਂਗਜ਼ੂ : ਨੀਰਜ ਚੋਪੜਾ ਨੇ ਬੁੱਧਵਾਰ 88.88 ਮੀਟਰ ਨੇਜ਼ਾ ਸੁੱਟ ਕੇ ਏਸ਼ੀਅਨ ਗੇਮਜ਼ ਵਿਚ ਸੋਨ ਤਮਗਾ ਜਿੱਤ ਲਿਆ। ਭਾਰਤ ਦੇ ਹੀ ਕਿਸ਼ੋਰ ਕੁਮਾਰ ਜੇਨਾ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ।
ਮੁਹੰਮਦ ਅਨਾਸ, ਅਮੋਜ ਜੈਕਬ, ਮੁਹੰਮਦ ਅਜਮਲ ਤੇ ਰਾਜੇਸ਼ ਰਮੇਸ਼ ਨੇ 4¿400 ਰਿਲੇਅ ਵਿਚ ਸੋਨੇ ਅਤੇ ਵਿਦਿਆ, ਐਸ਼ਵਰਿਆ, ਪ੍ਰਾਚੀ ਤੇ ਸੁਭਾ ਦੀ ਟੀਮ ਨੇ ਮਹਿਲਾ 4¿400 ਰਿਲੇਅ ਵਿਚ ਚਾਂਦੀ ਦਾ ਤਮਗਾ ਜਿੱਤਿਆ। ਅਵਿਨਾਸ਼ ਸਬਲੇ ਨੇ 5000 ਮੀਟਰ ਦੌੜ ਵਿਚ ਚਾਂਦੀ ਦਾ ਤਮਗਾ ਜਿੱਤਿਆ। ਉਸਨੇ 3000 ਮੀਟਰ ਸਟੀਪਲਚੇਜ਼ ਵਿਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ।
ਭਾਰਤੀ ਪੁਰਸ਼ ਟੀਮ ਬੁੱਧਵਾਰ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਹਾਕੀ ਮੁਕਾਬਲਿਆਂ ਦੇ ਫਾਈਨਲ ’ਚ ਪੁੱਜ ਗਈ। ਭਾਰਤੀ ਹਾਕੀ ਟੀਮ ਨੇ ਆਖਰੀ ਵਾਰ 2014 ’ਚ ਸੋਨ ਤਮਗਾ ਜਿੱਤ ਕੇ ਉਲੰਪਿਕ ਲਈ ਸਿੱਧੇ ਤੌਰ ’ਤੇ ਕੁਆਲੀਫਾਈ ਕੀਤਾ ਸੀ। ਪਿਛਲੀ ਵਾਰ 2018 ’ਚ ਜਕਾਰਤਾ ’ਚ ਭਾਰਤੀ ਟੀਮ ਨੂੰ ਕਾਂਸੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ ਸੀ। ਭਾਰਤ ਲਈ ਹਾਰਦਿਕ ਸਿੰਘ (ਪੰਜਵੇਂ ਮਿੰਟ), ਮਨਦੀਪ ਸਿੰਘ (11ਵੇਂ ਮਿੰਟ) ਅਤੇ ਲਲਿਤ ਉਪਾਧਿਆਏ (15ਵੇਂ ਮਿੰਟ) ਨੇ ਪਹਿਲੇ ਕੁਆਰਟਰ ’ਚ ਹੀ ਤਿੰਨ ਗੋਲ ਕੀਤੇ। ਦੂਜੇ ਕੁਆਰਟਰ ’ਚ ਕੋਰੀਆ ਦੇ ਮਾਨੇ ਜੁੰਗ ਨੇ 17ਵੇਂ ਅਤੇ 20ਵੇਂ ਮਿੰਟ ’ਚ ਦੋ ਗੋਲ ਕਰਕੇ ਭਾਰਤੀ ਕੈਂਪ ’ਚ ਘਬਰਾਹਟ ਪੈਦਾ ਕਰ ਦਿੱਤੀ। 24ਵੇਂ ਮਿੰਟ ’ਚ ਅਮਿਤ ਰੋਹੀਦਾਸ ਨੇ ਗੋਲ ਕੀਤਾ। ਜੁੰਗ ਨੇ 47ਵੇਂ ਮਿੰਟ ’ਚ ਕੋਰੀਆ ਲਈ ਇੱਕ ਵਾਰ ਫਿਰ ਗੋਲ ਕਰ ਦਿੱਤਾ। ਅਭਿਸ਼ੇਕ ਨੇ 54ਵੇਂ ਮਿੰਟ ’ਚ ਗੋਲ ਕਰਕੇ ਭਾਰਤ ਦੀ ਜਿੱਤ ’ਤੇ ਮੋਹਰ ਲਗਾ ਦਿੱਤੀ। 7 ਅਕਤੂਬਰ ਨੂੰ ਫਾਈਨਲ ’ਚ ਭਾਰਤ ਦਾ ਸਾਹਮਣਾ ਚੀਨ ਜਾਂ ਜਾਪਾਨ ਨਾਲ ਹੋਵੇਗਾ।
ਤੀਰਅੰਦਾਜ਼ ਜੋਤੀ ਸੁਰੇਖਾ ਵੇਨੱਮ ਅਤੇ ਓਜਸ ਦੇਵਤਾਲੇ ਨੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿਚ ਦੱਖਣੀ ਕੋਰੀਆ ਦੀ ਜੋੜੀ ਨੂੰ ਸਿਰਫ ਇਕ ਅੰਕ ਗੁਆ ਕੇ ਆਪਣਾ ਦੂਜਾ ਸੋਨ ਤਮਗਾ ਜਿੱਤਿਆ।
ਭਾਰਤ ਦੀ ਲਵਲੀਨਾ ਬੋਰਗੋਹੇਨ ਨੂੰ 75 ਕਿੱਲੋ ਮੁੱਕੇਬਾਜ਼ੀ ਦੇ ਫਾਈਨਲ ’ਚ ਚੀਨ ਦੀ ਲੀ ਕਿਆਨ ਤੋਂ ਹਾਰ ਕੇ ਚਾਂਦੀ ਅਤੇ ਪਰਵੀਨ ਹੁੱਡਾ ਨੂੰ 57 ਕਿੱਲੋ ਵਰਗ ਦੇ ਸੈਮੀਫਾਈਨਲ ’ਚ ਦੋ ਵਾਰ ਦੀ ਵਿਸ਼ਵ ਚੈਂਪੀਅਨ ਚੀਨੀ ਤਾਇਪੇ ਦੀ ਲਿਨ ਯੂ ਟਿੰਗ ਤੋਂ 5-0 ਨਾਲ ਹਾਰ ਕੇ ਕਾਂਸੀ ਤਮਗੇ ’ਤੇ ਸਬਰ ਕਰਨਾ ਪਿਆ।
ਹਰਮਿਲਨ ਬੈਂਸ ਨੇ 2:03.75 ਮਿੰਟ ਨਾਲ ਮਹਿਲਾ 800 ਮੀਟਰ ਦੌੜ ਵਿਚ ਚਾਂਦੀ ਦਾ ਤਮਗਾ ਜਿੱਤਿਆ। ਉਸ ਨੇ ਪਿਛਲੇ ਹਫਤੇ 1500 ਮੀਟਰ ਦੌੜ ਵਿਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ।





