ਚੰਡੀਗੜ੍ਹ, (ਗੁਰਜੀਤ ਬਿੱਲਾ) -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸਿਫ਼ਤੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਦੀ ਨਵੀਂ ਲੱਗੀ ਤਸਵੀਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇੱਥੇ ਦਹਾਕਿਆਂ ਪਹਿਲਾਂ ਲੱਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਦੀ ਤਸਵੀਰ ਦੀ ਥਾਂ ਹੁਣ ਇਹ 29 ਫੁੱਟ ਲੰਮੀ ਤੇ 11 ਫੁੱਟ ਉੱਚੀ ਤਸਵੀਰ ਲਗਾਈ ਗਈ ਹੈ। ਇਹ ਤਸਵੀਰ ਵਿਸ਼ੇਸ਼ ਟਰਾਂਸਲਿਟ ਸ਼ੀਟ ਉਤੇ ਛਪੀ ਹੈ ਅਤੇ ਤਸਵੀਰ ਨੂੰ ਰੁਸ਼ਨਾਉਣ ਲਈ ਇਸ ਦੇ ਪਿੱਛੇ 150 ਐੱਲ ਈ ਡੀ ਲਾਈਟਾਂ ਲਗਾਈਆਂ ਗਈਆਂ ਹਨ।





