ਨਵੀਂ ਦਿੱਲੀ : ਸੁਪਰੀਮ ਕੋਰਟ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਦੇ ਨਵੇਂ ਪਾਰਟੀ ਵਿ੍ਹੱਪ ਨੂੰ ਮਾਨਤਾ ਦੇਣ ਦੇ ਮਹਾਰਾਸ਼ਟਰ ਅਸੈਂਬਲੀ ਦੇ ਨਵੇਂ ਚੁਣੇ ਸਪੀਕਰ ਦੇ ਫੈਸਲੇ ਖਿਲਾਫ ਊਧਵ ਠਾਕਰੇ ਖੇਮੇ ਦੀ ਪਟੀਸ਼ਨ ‘ਤੇ 11 ਜੁਲਾਈ ਨੂੰ ਸੁਣਵਾਈ ਲਈ ਸਹਿਮਤ ਹੋ ਗਈ ਹੈ |
ਜਸਟਿਸ ਇੰਦਰਾ ਬੈਨਰਜੀ ਤੇ ਜਸਟਿਸ ਏ ਕੇ ਮਹੇਸ਼ਵਰੀ ਦੀ ਵੇਕੇਸ਼ਨ ਬੈਂਚ ਨੇ ਕਿਹਾ ਕਿ ਇਸ ਸੱਜਰੀ ਪਟੀਸ਼ਨ ‘ਤੇ ਹੋਰਨਾਂ ਬਕਾਇਆ ਪਟੀਸ਼ਨਾਂ ਨਾਲ 11 ਜੁਲਾਈ ਨੂੰ ਉਸੇ ਬੈਂਚ ਵੱਲੋਂ ਗਰਮੀ ਦੀਆਂ ਛੁੱਟੀਆਂ ਮਗਰੋਂ ਸੁਣਵਾਈ ਕੀਤੀ ਜਾਵੇਗੀ | ਠਾਕਰੇ ਧੜੇੇ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ—ਵਿ੍ਹੱਪਾਂ ਨੂੰ ਮਾਨਤਾ ਦੇਣਾ ਸਪੀਕਰ ਦੇ ਅਧਿਕਾਰ ਖੇਤਰ ‘ਚ ਨਹੀਂ ਆਉਂਦਾ |
ਇਹ ਇਸ ਕੋਰਟ ‘ਚ ਚੱਲ ਰਹੀ ਕਾਰਵਾਈ ਨੂੰ ਜਿਉਂ ਦੀ ਤਿਉਂ ਰੱਖਣ ਦੇ ਹੁਕਮਾਂ ਨੂੰ ਬਦਲਣ ਵਾਂਗ ਹੈ | ਸਪੀਕਰ ਨੇ ਲੰਘੇ ਦਿਨ ਕਲਮ ਦੇ ਇਕ ਸਟਰੋਕ ਨਾਲ ਅੱਧੀ ਰਾਤ ਨੂੰ ਵਿ੍ਹੱਪ ਨਿਯੁਕਤ ਕਰ ਦਿੱਤਾ ਸੀ | ਜਸਟਿਸ ਬੈਨਰਜੀ ਨੇ ਕਿਹਾ—ਮੇਰੇ ਕੋਲ ਸਾਰੇ ਦਸਤਾਵੇਜ ਮੌਜੂਦ ਨਹੀਂ ਹਨ | ਇਨ੍ਹਾਂ ਸਾਰਿਆਂ ‘ਤੇ 11 ਜੁਲਾਈ ਨੂੰ ਹੀ ਸੁਣਵਾਈ ਕਰਦੇ ਹਾਂ |