ਨਵੀਂ ਦਿੱਲੀ : ਭਾਰਤ ਜੋੜੋ ਯਾਤਰਾ ਦੀ ਸਫਲਤਾ ਤੇ ਆਪੋਜ਼ੀਸ਼ਨ ਦੇ ਗੱਠਜੋੜ ‘ਇੰਡੀਆ’ ਨੂੰ ਮਿਲ ਰਹੇ ਹੁੰਗਾਰੇ ਤੋਂ ਘਬਰਾਈ ਭਾਜਪਾ ਨੇ ਵੀਰਵਾਰ ਸੋਸ਼ਲ ਮੀਡੀਆ ’ਤੇ ਰਾਹੁਲ ਗਾਂਧੀ ਦੀ ਇਕ ਤਸਵੀਰ ਪੋਸਟ ਕੀਤੀ, ਜਿਸ ਵਿਚ ਉਸ ਨੂੰ ਨਵੇਂ ਜ਼ਮਾਨੇ ਦਾ ਰਾਵਣ ਦੱਸਿਆ ਹੈ। ਪਾਰਟੀ ਨੇ ਲਿਖਿਆ-ਨਵੇਂ ਜ਼ਮਾਨੇ ਦਾ ਰਾਵਣ ਇੱਥੇ ਹੈ। ਉਹ ਦੁਸ਼ਟ, ਧਰਮ ਤੇ ਰਾਮ ਵਿਰੋਧੀ ਹੈ। ਉਸ ਦਾ ਇੱਕੋ-ਇੱਕ ਮੰਤਵ ਦੇਸ਼ ਨੂੰ ਬਰਬਾਦ ਕਰਨਾ ਹੈ।
ਭਾਜਪਾ ਨੇ ਪੋਸਟਰ ਵਿਚ ਰਾਹੁਲ ਦੇ 7 ਸਿਰ ਦਿਖਾਏ ਹਨ। ਨਾਲ ਲਿਖਿਆ ਹੈ-ਭਾਰਤ ਖਤਰੇ ਵਿਚ ਹੈ। ਹੇਠਾਂ ਵੱਡੇ ਅੱਖਰਾਂ ਵਿਚ ਰਾਵਣ ਲਿਖਿਆ ਹੈ। ਉਸ ਤੋਂ ਹੇਠਾਂ ਅੰਗਰੇਜ਼ੀ ਵਿਚ ਏ ਕਾਂਗਰਸ ਪਾਰਟੀ ਪ੍ਰੋਡੱਕਸ਼ਨ ਡਾਇਰੈਕਟਿਡ ਬਾਈ ਜਾਰਜ ਸੋਰੋਸ ਲਿਖਿਆ ਹੈ। ਭਾਜਪਾ ਦਾ ਦੋਸ਼ ਹੈ ਕਿ ਜਾਰਜ ਸੋਰੋਸ ਦੇ ਲੋਕ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ ਸਨ। ਇਸ ਦੇ ਇਲਾਵਾ ਉਸ ਨੇ ਓਪਨ ਸੁਸਾਇਟੀ ਫਾਊਂਡੇਸ਼ਨ ਨਾਂਅ ਦੇ ਇਕ ਗੈਰ-ਸਰਕਾਰੀ ਸੰਗਠਨ (ਐੱਨ ਜੀ ਓ) ਦਾ ਨਾਂਅ ਲਿਆ ਹੈ। ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਇਹ ਐੱਨ ਜੀ ਓ ਅਮਰੀਕੀ ਅਰਬਪਤੀ ਜਾਰਜ ਸੋਰੋਸ ਦੇ ਪੈਸਿਆਂ ਨਾਲ ਚਲਦਾ ਹੈ ਤੇ ਇਸ ਦਾ ਉਪ-ਪ੍ਰਧਾਨ ਸਲਿਲ ਸ਼ੈੱਟੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਇਆ ਸੀ। ਚੇਤੇ ਰਹੇ ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ਨੇ 8 ਮਹੀਨੇ ਪਹਿਲਾਂ ਮਿਊਨਿਖ ਸਕਿਉਰਟੀ ਕੌਂਸਲ ਵਿਚ ਕਿਹਾ ਸੀ ਕਿ ਭਾਰਤ ਜਮਹੂਰੀ ਦੇਸ਼ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਮਹੂਰੀ ਨਹੀਂ। ਉਨ੍ਹਾ ਦੇ ਤੇਜ਼ੀ ਨਾਲ ਅੱਗੇ ਵਧਣ ਦੀ ਅਹਿਮ ਵਜ੍ਹਾ ਮੁਸਲਮਾਨਾਂ ’ਤੇ ਕੀਤੀ ਗਈ ਹਿੰਸਾ ਹੈ। ਸੋਰੋਸ ਨੇ ਸੀ ਏ ਏ ਤੇ ਧਾਰਾ 370 ਖਤਮ ਕਰਨ ’ਤੇ ਵੀ ਮੋਦੀ ’ਤੇ ਹਮਲਾ ਬੋਲਿਆ ਸੀ। ਉਸ ਨੇ ਕਿਹਾ ਸੀ ਕਿ ਭਾਰਤ ਹਿੰਦੂ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ।



