‘ਆਪ’ ਵੱਲੋਂ ਚੰਡੀਗੜ੍ਹ ’ਚ ਪ੍ਰਦਰਸ਼ਨ

0
323

ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਈ ਡੀ (ਡਾਇਰੈਕਟੋਰੇਟ ਆਫ ਇਨਫੋਰਸਮੈਂਟ) ਵੱਲੋਂ ਕੀਤੀ ਗਿ੍ਰਫਤਾਰੀ ਦਾ ਸਖਤ ਵਿਰੋਧ ਅਤੇ ਨਿੰਦਾ ਕੀਤੀ ਹੈ। ‘ਆਪ’ ਪੰਜਾਬ ਇਕਾਈ ਨੇ ਚੰਡੀਗੜ੍ਹ ’ਚ ਭਾਜਪਾ ਦੇ ਦਫਤਰ ਅੱਗੇ ਕੇਂਦਰ ਸਰਕਾਰ ਖਿਲਾਫ ਧਰਨਾ ਵੀ ਦਿੱਤਾ, ਜਿੱਥੇ ਪੁਲਸ ਨੇ ਉਨ੍ਹਾਂ ਖਿਲਾਫ ਜਲ ਤੋਪਾਂ ਦੀ ਵਰਤੋਂ ਕੀਤੀ।
ਧਰਨੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਸੀਨੀਅਰ ਆਗੂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਸ਼ਰਾਬ ਘੁਟਾਲਾ ਨਹੀਂ। ਜੇਕਰ ਕੋਈ ਘੁਟਾਲਾ ਹੁੰਦਾ ਤਾਂ ਦਿੱਲੀ ਸਰਕਾਰ ਨੂੰ ਕਿਸੇ ਨਾ ਕਿਸੇ ਕਿਸਮ ਦਾ ਨੁਕਸਾਨ ਝੱਲਣਾ ਪੈਂਦਾ, ਪਰ ਅਜਿਹਾ ਕੋਈ ਨਹੀਂ ਸੀ, ਜੋ ਆਪਣੇ ਆਪ ਵਿੱਚ ਇਹ ਸਾਬਤ ਕਰਦਾ ਹੈ ਕਿ ਸ਼ਰਾਬ ਨੀਤੀ ਵਿੱਚ ਕੋਈ ਘਪਲਾ ਨਹੀਂ ਹੋਇਆ। ਉਨ੍ਹਾ ਕਿਹਾ ਕਿ ਸ਼ਰਾਬ ਨੀਤੀ ਦੀ ਇਹ ਜਾਂਚ ਲੀਡਰਾਂ, ਠੇਕਿਆਂ ਅਤੇ ਰਿਟੇਲਰਾਂ ’ਤੇ ਹਜ਼ਾਰਾਂ ਛਾਪੇਮਾਰੀਆਂ ਅਤੇ ‘ਆਪ’ ਨੇਤਾਵਾਂ ਅਤੇ ਕੁਝ ਕਾਰੋਬਾਰੀਆਂ ਦੀਆਂ ਗਿ੍ਰਫਤਾਰੀਆਂ, ਇਹ ਸਭ ਕੁਝ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਭਾਜਪਾ ਦੀ ਸਾਜ਼ਿਸ਼ ਹੈ।
ਪ੍ਰੈੱਸ ਕਾਨਫਰੰਸ ਵਿੱਚ ਹਰਪਾਲ ਚੀਮਾ ਨਾਲ ਕੈਬਨਿਟ ਸਾਥੀ ਹਰਭਜਨ ਸਿੰਘ ਈ ਟੀ ਓ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸੰਕਰ ਜਿੰਪਾ ਅਤੇ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਬੁੱਧ ਰਾਮ ਵੀ ਮੌਜੂਦ ਸਨ।
ਚੀਮਾ ਨੇ ਕਿਹਾ ਕਿ ਭਾਰਤੀ ਰਾਜਨੀਤੀ ਵਿੱਚ ਭਾਜਪਾ ਦੇ ਦਿਨੋਂ-ਦਿਨ ਡਿੱਗਦੇ ਗ੍ਰਾਫ ਕਾਰਨ ਭਾਜਪਾ ਨਿਰਾਸ਼ ਅਤੇ ਬੇਚੈਨ ਹੈ। ਭਾਜਪਾ ਨੇ ਕੇਂਦਰ ਵਿੱਚ 9 ਸਾਲਾਂ ਤੋਂ ਵੱਧ ਸਮਾਂ ਰਾਜ ਕੀਤਾ ਹੈ, ਪਰ ਹੁਣ ਉਹ ਆਪਣੀ ਨਫਰਤ ਦੀ ਰਾਜਨੀਤੀ, ਪੂੰਜੀਪਤੀਆਂ ਨਾਲ ਪਿਆਰ ਅਤੇ ਲੋਕ-ਵਿਰੋਧੀ ਨੀਤੀਆਂ ਦਾ ਸੇਕ ਮਹਿਸੂਸ ਕਰ ਰਹੇ ਹਨ। ਇਸੇ ਲਈ ਉਹ ਉਨ੍ਹਾਂ ਦੇ ਵਿਰੁੱਧ ਬੋਲਣ ਵਾਲੇ ਨੂੰ ਅੱਤਿਆਚਾਰਾਂ ਅਤੇ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਨੂੰ ਧਮਕਾਉਣ ਅਤੇ ਦਬਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਆਉਣ ਵਾਲੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਯਕੀਨੀ ਹੈ, ਇਸ ਲਈ ਉਹ ਸੀ ਬੀ ਆਈ ਅਤੇ ਈ ਡੀ ਰਾਹੀਂ ਵਿਰੋਧੀ ਧਿਰ ਦੇ ਨੇਤਾਵਾਂ ’ਤੇ ਹਮਲੇ ਕਰ ਰਹੀ ਹੈ।
‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਨੇ ਕਿਹਾ ਕਿ ਈ ਡੀ ਨੂੰ ਸੰਜੇ ਸਿੰਘ ਦੇ ਘਰੋਂ ਇਕ ਪੈਸਾ ਜਾਂ ਇਕ ਵੀ ਗੈਰ-ਕਾਨੂੰਨੀ ਦਸਤਾਵੇਜ਼ ਨਹੀਂ ਮਿਲਿਆ। ਭਾਜਪਾ ਸਰਕਾਰ ਦੀ ਇਹ ਕਾਰਵਾਈ ਦਰਸਾਉਂਦੀ ਹੈ ਕਿ ਮੋਦੀ ਕਿੰਨੇ ਤਾਨਾਸ਼ਾਹ ਹਨ, ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਅੰਦੋਲਨ ਤੋਂ ਨਿਕਲੇ ਲੋਕ ਹਾਂ, ਇਸ ਲਈ ਉਹ ਸਾਨੂੰ ਡਰਾ ਨਹੀਂ ਸਕਦੇ।

LEAVE A REPLY

Please enter your comment!
Please enter your name here