ਨਵੀਂ ਦਿੱਲੀ : ਸਥਾਨਕ ਅਦਾਲਤ ਨੇ ਕਿ੍ਰਕਟਰ ਸ਼ਿਖਰ ਧਵਨ ਤੇ ਆਇਸ਼ਾ ਮੁਖਰਜੀ ਦੇ ਤਲਾਕ ’ਤੇ ਮੋਹਰ ਲਗਾ ਦਿੱਤੀ ਹੈ। ਧਵਨ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਪਤਨੀ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੀ ਹੈ। ਪਟਿਆਲਾ ਹਾਊਸ ਕੋਰਟ ਦੇ ਜੱਜ ਹਰੀਸ਼ ਕੁਮਾਰ ਨੇ ਧਵਨ ਵੱਲੋਂ ਤਲਾਕ ਦੀ ਪਟੀਸ਼ਨ ’ਚ ਕੀਤੇ ਸਾਰੇ ਦਾਅਵਿਆਂ ਨੂੰ ਸਵੀਕਾਰ ਕਰ ਲਿਆ, ਕਿਉਂਕਿ ਉਸ ਦੀ ਪਤਨੀ ਨੇ ਦੋਸ਼ਾਂ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਆਪਣਾ ਬਚਾਅ ਕੀਤਾ। ਇਸ ਜੋੜੇ ਦਾ ਇਕ ਪੁੱਤ ਵੀ ਹੈ। ਬੱਚੇ ਦੀ ਸਥਾਈ ਸਪੁਰਦਗੀ ਬਾਰੇ ਕੋਈ ਹੁਕਮ ਜਾਰੀ ਨਾ ਕਰਦੇ ਹੋਏ ਅਦਾਲਤ ਨੇ ਧਵਨ ਨੂੰ ਭਾਰਤ ਅਤੇ ਆਸਟਰੇਲੀਆ ’ਚ ਆਪਣੇ ਪੁੱਤਰ ਨਾਲ ਸਮਾਂ ਬਿਤਾਉਣ ਲਈ ਮੁਲਾਕਾਤ ਦੇ ਅਧਿਕਾਰ ਦਿੱਤੇ ਅਤੇ ਉਨ੍ਹਾਂ ਵਿਚਕਾਰ ਵੀਡੀਓ ਕਾਲ ਦੀ ਆਗਿਆ ਦਿੱਤੀ। ਇਸ ਤੋਂ ਇਲਾਵਾ ਅਦਾਲਤ ਨੇ ਮੁਖਰਜੀ ਨੂੰ ਸਕੂਲ ਦੀਆਂ ਛੁੱਟੀਆਂ ਦੇ ਘੱਟੋ-ਘੱਟ ਅੱਧੇ ਸਮੇਂ ਦੌਰਾਨ ਧਵਨ ਅਤੇ ਉਸ ਦੇ ਪਰਵਾਰ ਨਾਲ ਬੱਚੇ ਨੂੰ ਭਾਰਤ ’ਚ ਰਹਿਣ ਦੇਣ ਦਾ ਵੀ ਹੁਕਮ ਦਿੱਤਾ।



