ਇੰਫਾਲ : ਮਨੀਪੁਰ ‘ਚ ਇੰਟਰਨੈੱਟ ਸੇਵਾ ਕਾਫੀ ਚਿਰ ਤੋਂ ਬੰਦ ਕਰਨ ਵਿਰੁੱਧ ਸੈਨਾਪਤੀ ਜ਼ਿਲ੍ਹੇ ਵਿਚ ਸੈਨਾਪਤੀ ਡਿਸਟਿ੍ਕਟ ਸਟੂਡੈਂਟਸ ਐਸੋਸੀਏਸ਼ਨ ਨੇ ਨਾਗਾਲੈਂਡ ਨਾਲ ਲਗਦੇ ਹਾਈਵੇਅ-2 ਤੇ 129-ਏ ‘ਤੇ ਵੀਰਵਾਰ ਸ਼ਾਮ ਤੋਂ ਆਰਥਕ ਨਾਕਾਬੰਦੀ ਕਰ ਦਿੱਤੀ ਹੈ | ਇਧਰੋਂ ਹੀ ਮਨੀਪੁਰ ਨੂੰ ਮਾਲ ਪੁੱਜਦਾ ਹੈ | ਦੋਹਾਂ ਰਾਜਾਂ ਦੀ ਹੱਦ ‘ਤੇ ਕਰੀਬ 90 ਟਰੱਕ ਫਸ ਗਏ ਹਨ | ਜਥੇਬੰਦੀ ਨੇ ਸਰਕਾਰ ਨੂੰ ਚਾਰ ਅਕਤੂਬਰ ਨੂੰ ਨੈੱਟ ਸੇਵਾ ਦੀ ਬਹਾਲੀ ਲਈ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ | ਹਿੰਸਾ ਦਾ ਸ਼ਿਕਾਰ ਮਨੀਪੁਰ ਵਿਚ 3 ਮਈ ਨੂੰ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ ਤੇ 23 ਸਤੰਬਰ ਨੂੰ ਬਹਾਲ ਕੀਤੀ ਸੀ |
ਦੋ ਮੈਤੇਈ ਨਾਬਾਲਗਾਂ ਦੀ ਹੱਤਿਆ ਦੇ ਬਾਅਦ ਹਜ਼ਾਰਾਂ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਤੋਂ ਬਾਅਦ 26 ਸਤੰਬਰ ਤੋਂ ਇਕ ਅਕਤੂਬਰ ਤਕ ਫਿਰ ਪਾਬੰਦੀ ਲਾ ਦਿੱਤੀ ਗਈ | ਇਕ ਅਕਤੂਬਰ ਤੋਂ ਪਾਬੰਦੀ 6 ਅਕਤੂਬਰ ਤੱਕ ਫਿਰ ਪਾਬੰਦੀ ਲਾ ਦਿੱਤੀ ਗਈ ਸੀ |