ਗ਼ਦਰੀ ਬਾਬਿਆਂ ਦੇ ਮੇਲੇ ਸੰਬੰਧੀ ਸੱਭਿਆਚਾਰਕ ਕਾਮਿਆਂ ਦੀ ਇਕੱਤਰਤਾ

0
188

ਜਲੰਧਰ (ਕੇਸਰ)-ਆਜ਼ਾਦੀ ਸੰਗਰਾਮ ਦੇ ਸੂਹੇ ਤਾਰੇ ਸ਼ਹੀਦ ਭਗਵਤੀ ਚਰਨ ਵੋਹਰਾ ਦੀ ਜੀਵਣ ਸਾਥਣ ਅਤੇ ਆਜ਼ਾਦੀ ਸੰਗਰਾਮਣ ਦੁਰਗਾ ਭਾਬੀ ਦੇ ਜਨਮ ਦਿਹਾੜੇ ’ਤੇ ਗ਼ਦਰੀ ਬਾਬਿਆਂ ਦੇ 32ਵੇਂ ਮੇਲੇ ਨੂੰ ਸਮਰਪਤ ਵਿਸ਼ਾਲ ਸੱਭਿਆਚਾਰਕ ਕਾਮਿਆਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਭਗਵਤੀ ਚਰਨ ਵੋਹਰਾ ਦੀ ਅਮਿੱਟ ਦੇਣ ਨੂੰ ਸਿਜਦਾ ਕੀਤਾ ਗਿਆ।
ਗ਼ਦਰੀ ਬਾਬਿਆਂ ਦੇ 32ਵੇਂ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਉਸ ਦੇ ਸੱਭਿਆਚਾਰਕ ਵਿੰਗ ਨਾਲ ਜੁੜੇ ਵਿਸ਼ਾਲ ਸਾਹਿਤਕ, ਸੱਭਿਆਚਾਰਕ ਘੇਰੇ ਦੇ ਕਾਮਿਆਂ ਨੇ ਸ਼ਨੀਵਾਰ ਤਿਆਰੀ ਕਮੇਟੀ, ਕੁਇਜ਼, ਪੇਂਟਿੰਗ ਮੁਕਾਬਲਾ, ਵਿਚਾਰ-ਚਰਚਾਵਾਂ, ਪੁਸਤਕ ਪ੍ਰਦਰਸ਼ਨੀ, ਫ਼ਿਲਮ ਸ਼ੋਅ, ਗੀਤ-ਸੰਗੀਤ ਅਤੇ ਨਾਟਕਾਂ ਦੀਆਂ ਪੇਸ਼ਕਾਰੀਆਂ ਅਤੇ ਵਲੰਟੀਅਰ ਆਦਿ ਦੀਆਂ ਲੋੜਾਂ ਲਈ ਕਮੇਟੀਆਂ ਦਾ ਪੁਨਰ-ਗਠਨ ਅਤੇ ਕੰਮ-ਵੰਡ ਕੀਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਸ ਮੀਟਿੰਗ ’ਚ ਲਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੇਲੇ ਨਾਲ ਹਰ ਸਾਲ ਜੁੜੀ ਆ ਰਹੀ ਟੀਮ ਦੇ ਸਮੂਹ ਮੈਂਬਰਾਂ ਨੇ ਪ੍ਰਚਾਰ, ਲਾਮਬੰਦੀ, ਪ੍ਰੋ. ਬਰਕਤ ਉੱਲਾ ਨਗਰ, ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਹਾਲ ਆਦਿ ਨੂੰ ਝੰਡਿਆਂ, ਮਾਟੋਆਂ, ਬੈਨਰਾਂ, ਰੌਸ਼ਨੀਆਂ ਨਾਲ ਸਜਾਉਣ ਲਈ ਠੋਸ ਵਿਉਂਤਬੰਦੀ ਕੀਤੀ। ਮੀਟਿੰਗ ’ਚ ਪਾਸ ਕੀਤੇ ਗਏ ਮਤੇ ’ਚ ਮੰਗ ਕੀਤੀ ਗਈ ਕਿ ‘ਨਿਊਜ਼ ਕਲਿੱਕ’ ਮੀਡੀਆ ਦੇ ਬੁੱਧੀਮਾਨ ਪੱਤਰਕਾਰਾਂ ਉਪਰ ਮੜ੍ਹੇ ਝੂਠੇ ਕੇਸ ਵਾਪਸ ਲਏ ਜਾਣ ਅਤੇ ਜ਼ਬਤ-ਸ਼ੁਦਾ ਇਲੈਕਟਰੋਨਿਕ ਸਾਮਾਨ ਵਾਪਸ ਕੀਤਾ ਜਾਏ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਹਰਵਿੰਦਰ ਭੰਡਾਲ, ਡਾ. ਸੈਲੇਸ਼, ਡਾ. ਤੇਜਿੰਦਰ ਵਿਰਲੀ, ਵਿਜੈ ਬੰਬੇਲੀ ਤੋਂ ਇਲਾਵਾ ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਹਰਜੀਤ ਅਤੇ ਡਾ. ਮੰਗਤ ਰਾਏ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here