ਲੁਧਿਆਣਾ : ਪੁਲਸ ਨੇ ਪਟਾਕਿਆਂ ਦਾ ਗੈਰ-ਕਾਨੂੰਨੀ ਤੌਰ ’ਤੇ ਸਟੋਰ ਕੀਤਾ ਸਟਾਕ ਬਰਾਮਦ ਕੀਤਾ ਹੈ। ਲੁਧਿਆਣਾ ਦੇ ਲੋਹਾਰਾ ਇਲਾਕੇ ਦੇ ਇੱਕ ਗੋਦਾਮ ਵਿੱਚ ਲੱਖਾਂ ਰੁਪਏ ਦੇ ਪਟਾਕਿਆਂ ਦੀਆਂ ਕਰੀਬ 300 ਪੇਟੀਆਂ ਰੱਖੀਆਂ ਹੋਈਆਂ ਸਨ। ਇਸ ਤੋਂ ਇਲਾਵਾ, ਗੋਦਾਮ ਦੇ ਬਾਹਰ ਇੱਕ ਸਿਆਸੀ ਪਾਰਟੀ ਦਾ ਬੋਰਡ ਵੀ ਲਗਾਇਆ ਗਿਆ ਸੀ, ਜਿਸ ਸੰਬੰਧੀ ਪੁਲਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਵੀ ਹਿਰਾਸਤ ’ਚ ਲਿਆ ਹੈ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਦਿੜਬਾ ਅਤੇ ਬਟਾਲਾ ਖੇਤਰਾਂ ’ਚ ਪਟਾਕਿਆਂ ਕਾਰਨ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਜਿਸ ਕਾਰਨ ਪੁਲਸ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾ ਦੱਸਿਆ ਕਿ ਪੰਜ ਟਰੱਕਾਂ ਦਾ ਇਹ ਸਾਰਾ ਸਾਮਾਨ ਗੋਦਾਮ ’ਚ ਸਟੋਰ ਕੀਤਾ ਹੋਇਆ ਸੀ। ਜਾਂਚ ਦੌਰਾਨ ਪਟਾਕਿਆਂ ਦੇ ਕਰੀਬ 300 ਡੱਬੇ ਮਿਲੇ ਹਨ ਅਤੇ ਇਨ੍ਹਾਂ ਦੀ ਕੀਮਤ ਲੱਖਾਂ ’ਚ ਹੋ ਸਕਦੀ ਹੈ।





