‘ਬਿੱਲ ਲਿਆਓ, ਇਨਾਮ ਪਾਓ’ ’ਚ 227 ਨੇ ਜਿੱਤੇ 13 ਲੱਖ ਤੋਂ ਵੱਧ ਦੇ ਇਨਾਮ : ਚੀਮਾ

0
279

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਸਤੰਬਰ ਮਹੀਨੇ ‘ਮੇਰਾ ਬਿੱਲ ਐਪ’ ’ਤੇ ਬਿੱਲ ਅੱਪਲੋਡ ਕਰਨ ਵਾਲੇ 227 ਜੇਤੂਆਂ ਨੇ 13,39,425 ਰੁਪਏ ਦੇ ਇਨਾਮ ਜਿੱਤੇ ਹਨ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਠਿਤ ਕਮੇਟੀ ਵੱਲੋਂ ਸੋਮਵਾਰ ਆਨਲਾਈਨ ਲੱਕੀ ਡਰਾਅ ਕੱਢਿਆ ਗਿਆ।
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੇਤੂਆਂ ਵਿੱਚੋਂ ਸਭ ਤੋਂ ਵੱਧ 38 ਜੇਤੂ ਟੈਕਸੇਸ਼ਨ ਜ਼ਿਲ੍ਹਾ ਲੁਧਿਆਣਾ ਦੇ, ਜਦਕਿ ਦੂਜੇ ਸਥਾਨ ’ਤੇ 21 ਜੇਤੂ ਟੈਕਸੇਸ਼ਨ ਜਿਲ੍ਹਾ ਜਲੰਧਰ ਦੇ ਹਨ। ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਸਕੀਮ ਪ੍ਰਤੀ ਮਿਲੇ ਉਤਸ਼ਾਹ ਬਾਰੇ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਜੇਤੂਆਂ ਵਿੱਚੋਂ 14 ਟੈਕਸੇਸ਼ਨ ਜ਼ਿਲ੍ਹਾ ਅੰਮਿ੍ਰਤਸਰ ਤੋਂ, 10 ਹਰੇਕ ਟੈਕਸੇਸ਼ਨ ਜ਼ਿਲ੍ਹਿਆਂ ਬਰਨਾਲਾ, ਗੁਰਦਾਸਪੁਰ ਅਤੇ ਫਰੀਦਕੋਟ ਤੋਂ, 9 ਹਰੇਕ ਟੈਕਸੇਸ਼ਨ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮੋਗਾ ਤੋਂ, 8 ਹਰੇਕ ਟੈਕਸੇਸ਼ਨ ਜ਼ਿਲ੍ਹਿਆਂ ਫਤਿਹਗੜ੍ਹ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲਾ, ਕਪੂਰਥਲਾ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ ਅਤੇ ਤਰਨ ਤਾਰਨ, 7 ਹਰੇਕ ਟੈਕਸੇਸ਼ਨ ਜ਼ਿਲ੍ਹਿਆਂ ਸ਼ਹੀਦ ਭਗਤ ਸਿੰਘ ਨਗਰ ਅਤੇ ਰੂਪਨਗਰ ਤੋਂ, ਟੈਕਸੇਸ਼ਨ ਜ਼ਿਲ੍ਹਾ ਮਾਨਸਾ ਤੋਂ 6 ਅਤੇ ਟੈਕਸੇਸ਼ਨ ਜ਼ਿਲ੍ਹਾ ਸੰਗਰੂਰ ਤੋਂ 5 ਜੇਤੂ ਸ਼ਾਮਲ ਹਨ।
ਵਿੱਤ ਮੰਤਰੀ ਨੇ ਦੱਸਿਆ ਕਿ 81 ਵਿਅਕਤੀਆਂ ਵੱਲੋਂ 10,000 ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਗਈ। ਇਸ ਯੋਜਨਾ ਤਹਿਤ ਐਲਾਨੇ ਗਏ ਇਨਾਮ ਵਸਤ/ ਸੇਵਾ ਲਈ ਅਦਾ ਕੀਤੇ ਕਰ ਦੇ ਪੰਜ ਗੁਣਾ ਦੇ ਬਰਾਬਰ ਅਤੇ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ ਦੇ ਮੁੱਲ ਤੱਕ ਦਾ ਹੈ। ਉਨ੍ਹਾ ਕਿਹਾ ਕਿ ਜੇਤੂਆਂ ਦੀ ਸੂਚੀ ਟੈਕਸੇਸ਼ਨ ਵਿਭਾਗ ਦੀ ਵੈੱਬਸਾਈਟ ਉਤੇ ਨਸ਼ਰ ਕਰ ਦਿੱਤੀ ਗਈ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਆਨਲਾਈਨ ਲੱਕੀ ਡਰਾਅ ਦੌਰਾਨ ਕੁੱਲ 227 ਵਿਅਕਤੀ ਇਨਾਮ ਦੇ ਹੱਕਦਾਰ ਰਹੇ, ਜਦਕਿ 63 ਹੋਰ ਵਿਅਕਤੀਆਂ ਦੇ ਨਾਂਅ ਉਨ੍ਹਾਂ ਵੱਲੋਂ ਅਪਲੋਡ ਕੀਤੇ ਬਿੱਲਾਂ ਦੀ ਪੜਤਾਲ ਉਪਰੰਤ ਨਾਮਨਜ਼ੂਰ ਕਰ ਦਿੱਤੇ ਗਏ। ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਵੱਲੋਂ ਅਪਲੋਡ ਕੀਤੇ ਗਏ ਬਿੱਲ ਸਤੰਬਰ ਦੀ ਜਗ੍ਹਾ ਅਗਸਤ ਮਹੀਨੇ ਦੇ ਸਨ, ਕੁਝ ਮਾਮਲਿਆਂ ਵਿੱਚ ਪੈਟਰੋਲ ਦੇ ਬਿੱਲ ਅਪਲੋਡ ਕੀਤੇ ਗਏ ਸਨ, ਕੁਝ ਬਿੱਲ ਪੰਜਾਬ ਤੋਂ ਬਾਹਰ ਕੀਤੀ ਖਰੀਦ ਨਾਲ ਸੰਬੰਧਤ ਸਨ ਅਤੇ ਇੱਕ ਕੇਸ ਵਿੱਚ ਅੱਪਲੋਡ ਕੀਤਾ ਗਿਆ ਬਿਜ਼ਨੈਸ ਤੋਂ ਬਿਜ਼ਨੈੱਸ ਲੈਣ-ਦੇਣ ਨਾਲ ਸੰਬੰਧਤ ਸੀ। ਉਹਨਾ ਇਸ ਯੋਜਨਾ ਤਹਿਤ ਪੈਟਰੋਲੀਅਮ ਉਤਪਾਦ (ਕੱਚਾ ਤੇਲ, ਪੈਟਰੋਲ, ਡੀਜ਼ਲ, ਹਵਾਬਾਜ਼ੀ ਟਰਬਾਈਨ ਈਂਧਨ ਅਤੇ ਕੁਦਰਤੀ ਗੈਸ) ਅਤੇ ਸ਼ਰਾਬ ਦੇ ਨਾਲ-ਨਾਲ ਬਿਜ਼ਨੈੱਸ-ਟੂ-ਬਿਜ਼ਨੈੱਸ ਦੇ ਲੈਣ-ਦੇਣ ਦੇ ਵਿਕਰੀ ਬਿੱਲ ਇਨਾਮ ਪ੍ਰਕਿ੍ਰਆ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹਨ। ਲੋਕਾਂ ਨੂੰ ਵਸਤਾਂ ਤੇ ਸੇਵਾਵਾਂ ਦੀ ਖਰੀਦ ਲਈ ਬਿੱਲ ਲੈਣ ਦੀ ਮੁੜ ਅਪੀਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਇਸ ਸਕੀਮ ਵਿਚ ਹਿੱਸਾ ਲੈਣਾ ਚਾਹੀਦਾ ਹੈ, ਤਾਂ ਜੋ ਟੈਕਸ ਦੀ ਪਾਲਣ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਸਮਾਜ ਭਲਾਈ ਦੀਆਂ ਵੱਖ-ਵੱਖ ਸਕੀਮਾਂ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਸੂਬੇ ਨੂੰ ਮਾਲੀਏ ਪੱਖੋਂ ਹੋਰ ਮਜ਼ਬੂਤ ਕੀਤਾ ਜਾ ਸਕੇ।

LEAVE A REPLY

Please enter your comment!
Please enter your name here