ਤਿ੍ਰਵੇਂਦਰਮ : 101 ਸਾਲਾ ਕਾਤਯਾਨੀ ਅੰਮਾ, ਜਿਸ ਨੇ ਕੇਰਲਾ ਰਾਜ ਸਾਖਰਤਾ ਅਭਿਆਨ ਤਹਿਤ ਸਭ ਤੋਂ ਵੱਡੀ ਉਮਰ ਦੀ ਵਿਦਿਆਰਥਣ ਬਣ ਕੇ ਇਤਿਹਾਸ ਰਚਿਆ ਸੀ, ਦਾ ਅਲਾਪੁਝਾ ਸਥਿਤ ਆਪਣੇ ਨਿਵਾਸ ਸਥਾਨ ’ਤੇ ਦੇਹਾਂਤ ਹੋ ਗਿਆ। ਦਿਮਾਗ ਦਾ ਦੌਰਾ ਪੈਣ ਤੋਂ ਬਾਅਦ ਉਹ ਕੁਝ ਸਮੇਂ ਤੋਂ ਬਿਸਤਰ ’ਤੇ ਸੀ। ਕਾਤਯਾਨੀ ਅੰਮਾ ਨੇ ਨਾ ਸਿਰਫ ਦੱਖਣੀ ਰਾਜ ’ਚ ਸਾਖਰਤਾ ਮੁਹਿੰਮ ਦੇ ਹਿੱਸੇ ਵਜੋਂ 96 ਸਾਲ ਦੀ ਉਮਰ ’ਚ ਪੜ੍ਹ ਕੇ ਪ੍ਰਸਿੱਧੀ ਪ੍ਰਾਪਤ ਕੀਤੀ, ਸਗੋਂ ਉਸ ਨੇ ‘ਅੱਖਰਲਕਸ਼ਮ’ ਪ੍ਰੀਖਿਆ ’ਚ ਵੀ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜੋ ਚੌਥੀ ਜਮਾਤ ਦੀ ਪ੍ਰੀਖਿਆ ਦੇ ਬਰਾਬਰ ਹੈ। ਉਹ 43,330 ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਡੀ ਉਮਰ ਦੀ ਸੀ, ਜੋ ਅਲਾਪੁਝਾ ਜ਼ਿਲ੍ਹੇ ਦੇ ਚੇਪਾਡ ਪਿੰਡ ’ਚ ਪ੍ਰੀਖਿਆ ਲਈ ਬੈਠੇ ਸਨ। ਉਸ ਨੇ ਮਾਰਚ 2020 ’ਚ ਮਹਿਲਾ ਦਿਵਸ ’ਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਨਾਰੀ ਸ਼ਕਤੀ ਪੁਰਸਕਾਰ ਵੀ ਪ੍ਰਾਪਤ ਕੀਤਾ। 2019 ’ਚ ਉਹ ‘ਕਾਮਨਵੈਲਥ ਆਫ ਲਰਨਿੰਗ ਗੁੱਡਵਿਲ ਅੰਬੈਸਡਰ’ ਵੀ ਬਣੀ।



