ਮੀਤ ਹੇਅਰ ਵੱਲੋਂ ਏਸ਼ੀਅਨ ਗੇਮਜ਼ ਮੈਡਲਿਸਟ ਪ੍ਰਨੀਤ ਕੌਰ ਦਾ ਸਵਾਗਤ

0
182

ਮੁਹਾਲੀ (ਗੁਰਜੀਤ ਬਿੱਲਾ)- ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਸੋਨ ਤਮਗਾ ਜਿੱਤ ਕੇ ਪਹਿਲੀ ਵਾਰ ਪੰਜਾਬ ਪਰਤੀ ਤੀਰਅੰਦਾਜ਼ ਪ੍ਰਨੀਤ ਕੌਰ ਦਾ ਅੱਜ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰ-ਰਾਸ਼ਟਰੀ ਹਵਾਈ ਅੱਡੇ ਉੱਤੇ ਪੁੱਜਣ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਾਹਾਨਾ ਸਵਾਗਤ ਕੀਤਾ।
ਮੀਤ ਹੇਅਰ ਨੇ ਪ੍ਰਨੀਤ ਕੌਰ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫੋਂ ਸਵਾਗਤ ਤੇ ਸਨਮਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਇਸ ਮਾਣਮੱਤੀ ਧੀ ਨੇ ਏਸ਼ੀਅਨ ਗੇਮਜ਼ ਵਿੱਚ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਨੂੰ ਮੁੜ ਖੇਡ ਨਕਸ਼ੇ ਉਤੇ ਨਾਂਅ ਚਮਕਾਉਣ ਵਾਲੇ ਤਮਗਾ ਜੇਤੂਆਂ ਨੂੰ ਜਲਦ ਹੀ ਸਾਰੇ ਖਿਡਾਰੀਆਂ ਦੇ ਦੇਸ਼ ਵਾਪਸ ਆਉਣ ਉੱਤੇ ਵਿਸ਼ੇਸ਼ ਸਮਾਗਮ ਦੌਰਾਨ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕਰਨਗੇ।
ਮੀਤ ਹੇਅਰ ਨੇ ਕਿਹਾ ਕਿ ਪ੍ਰਨੀਤ ਕੌਰ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਛੋਟੀ ਜਿਹੀ ਉਮਰ ਵਿੱਚ ਵਿਸ਼ਵ ਚੈਂਪੀਅਨਸ਼ਿਪ, ਵਿਸ਼ਵ ਕੱਪ ਅਤੇ ਏਸ਼ੀਅਨ ਗੇਮਜ਼ ਵਿੱਚ ਸੋਨ ਤਮਗਾ ਜਿੱਤ ਕੇ ਸੂਬੇ ਦੀਆਂ ਲੜਕੀਆਂ ਲਈ ਪ੍ਰੇਰਨਾਸਰੋਤ ਬਣੀ ਹੈ। ਉਨ੍ਹਾ ਉਸ ਦੀ ਪ੍ਰਾਪਤੀ ਦਾ ਸਿਹਰਾ ਮਾਪਿਆਂ ਤੇ ਕੋਚਾਂ ਸਿਰ ਬੰਨ੍ਹਿਆ।
ਇਸ ਮੌਕੇ ਪ੍ਰਨੀਤ ਕੌਰ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਖੇਡਾਂ ਦੀ ਤਿਆਰੀ ਲਈ ਪਹਿਲਾਂ ਹੀ 8 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਮਦਦ ਕੀਤੀ। ਉਸ ਨੇ ਕਿਹਾ ਕਿ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਦੇਸ਼ ਅਤੇ ਸੂਬੇ ਦਾ ਨਾਂਅ ਚਮਕਾਉਣ ਲਈ ਪੂਰੀ ਮਿਹਨਤ ਕਰੇਗੀ।
ਖੇਡ ਮੰਤਰੀ ਨੇ ਪ੍ਰਨੀਤ ਕੌਰ, ਉਸ ਦੇ ਪਿਤਾ ਅਵਤਾਰ ਸਿੰਘ, ਮਾਤਾ ਜਗਮੀਤ ਕੌਰ ਤੇ ਕੋਚ ਸੁਰਿੰਦਰ ਸਿੰਘ ਦਾ ਉਚੇਚਾ ਸਨਮਾਨ ਕੀਤਾ।

LEAVE A REPLY

Please enter your comment!
Please enter your name here