ਕੋਲਕਾਤਾ : ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਤਿ੍ਰਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ’ਤੇ ਲਗਾਏ ਗਏ ਗੰਭੀਰ ਦੋਸ਼ਾਂ ’ਤੇ ਐਤਵਾਰ ਟੀ ਐੱਮ ਸੀ ਨੇ ਆਪਣੀ ਚੁੱਪ ਤੋੜਦੇ ਹੋਏ ਕਿਹਾ ਕਿ ਸੰਸਦ ਦੇ ਉਚਿਤ ਪਲੇਟਫਾਰਮ ਕੋਲੋਂ ਮਾਮਲੇ ਦੀ ਜਾਂਚ ਕਰਵਾਈ ਜਾਵੇ, ਜਿਸ ਤੋਂ ਬਾਅਦ ਪਾਰਟੀ ਦੀ ਲੀਡਰਸ਼ਿਪ ਇਸ ਸੰਬੰਧ ’ਚ ਫੈਸਲਾ ਲਵੇਗੀ। ਰਾਜ ਸਭਾ ’ਚ ਟੀ ਐੱਮ ਸੀ ਦੇ ਆਗੂ ਡੈਰੇਕ ਓ’ਬਰਾਇਨ ਨੇ ਕਿਹਾਅਸੀਂ ਮੀਡੀਆ ’ਚ ਆਈਆਂ ਖਬਰਾਂ ਦੇਖੀਆਂ ਹਨ। ਪਾਰਟੀ ਦੀ ਲੀਡਰਸ਼ਿਪ ਵੱਲੋਂ ਸੰਬੰਧਤ ਮੈਂਬਰ ਨੂੰ ਆਪਣੇ ਉੱਪਰ ਲੱਗੇ ਦੋਸ਼ਾਂ ਦੇ ਸੰਬੰਧ ’ਚ ਸਥਿਤੀ ਸਪੱਸ਼ਟ ਕਰਨ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਉਹ ਪਹਿਲਾਂ ਹੀ ਅਜਿਹਾ ਕਰ ਚੁੱਕੀ ਹੈ।
ਉਨ੍ਹਾ ਅੱਗੇ ਕਿਹਾਕਿਉਂਕਿ, ਇਹ ਮਾਮਲਾ ਇਕ ਚੁਣੀ ਹੋਈ ਸੰਸਦ ਮੈਂਬਰ, ਉਸ ਦੇ ਅਧਿਕਾਰਾਂ ਤੇ ਵਿਸ਼ੇਸ਼ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ, ਇਸ ਵਾਸਤੇ ਇਸ ਮਾਮਲੇ ਦੀ ਜਾਂਚ ਸੰਸਦ ਦੇ ਉਚਿਤ ਪਲੇਟਫਾਰਮ ਕੋਲੋਂ ਕਰਵਾਈ ਜਾਵੇ, ਜਿਸ ਮਗਰੋਂ ਪਾਰਟੀ ਦੀ ਲੀਡਰਸ਼ਿਪ ਫੈਸਲਾ ਲਵੇਗੀ।




