ਨਵੀਂ ਦਿੱਲੀ : ਕੌਮੀ ਪੱਛੜਾ ਵਰਗ ਕਮਿਸ਼ਨ 87 ਜਾਤੀਆਂ ਨੂੰ ਹੋਰ ਪੱਛੜਾ ਵਰਗ (ਓ ਬੀ ਸੀ) ਸੂਚੀ ’ਚ ਸ਼ਾਮਲ ਕਰਨ ਦੇ ਪੱਛਮੀ ਬੰਗਾਲ ਸਰਕਾਰ ਦੇ ਪ੍ਰਸਤਾਵ ’ਤੇ 3 ਨਵੰਬਰ ਨੂੰ ਸੁਣਵਾਈ ਕਰੇਗਾ।
ਇਸ ਨੇ ਇਕ ਨੋਟਿਸ ਜਾਰੀ ਕਰਕੇ ਪੱਛਮੀ ਬੰਗਾਲ ਸਰਕਾਰ ਕੋਲੋਂ ਵੱਖ-ਵੱਖ ਮੱਦਾਂ ਤਹਿਤ ਜਾਣਕਾਰੀ ਵੀ ਮੰਗੀ ਹੈ। ਜਿਹੜੀ ਜਾਣਕਾਰੀ ਮੰਗੀ ਗਈ ਹੈ, ਉਨ੍ਹਾਂ ’ਚ 87 ਓ ਬੀ ਸੀ ਜਾਤੀਆਂ ਦੇ ਚੁਣੇ ਹੋਏ ਉਮੀਦਵਾਰਾਂ ਅਤੇ ਤੀਜੀ ਸ਼੍ਰੇਣੀ, ਚੌਥੀ ਸ਼੍ਰੇਣੀ ਤੇ ਸਫਾਈ ਕਰਮਚਾਰੀਆਂ ਦਾ ਜਾਤੀ ਮੁਤਾਬਕ ਵੇਰਵਾ ਅਤੇ ਪਿਛਲੇ ਤਿੰਨ ਸਾਲ ਤੇ ਚਾਲੂ ਸਾਲ ਦੌਰਾਨ ਸੂਬੇ ਵੱਲੋਂ ਸੰਚਾਲਿਤ ਸਿੱਖਿਆ ਸੰਸਥਾਵਾਂ ’ਚ 87 ਓ ਬੀ ਸੀ ਜਾਤੀਆਂ ਦੇ ਵਿਦਿਆਰਥੀਆਂ ਨੂੰ ਵੰਡੇ ਹੋਏ ਵਜ਼ੀਫੇ ਅਤੇ ਉਸ ਦੇ ਲਾਭਪਾਤਰੀਆਂ ਦਾ ਜਾਤੀ ਮੁਤਾਬਕ ਵੇਰਵਾ ਸ਼ਾਮਲ ਹੈ।
ਤਿੰਨ ਹਥਿਆਰ ਤਸਕਰ ਫੜੇ
ਚੰਡੀਗੜ੍ਹ : ਪੰਜਾਬ ਪੁਲਸ ਨੇ ਐਤਵਾਰ ਦਾਅਵਾ ਕੀਤਾ ਕਿ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਨੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਰੋਹ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ’ਚ ਸਪਲਾਈ ਕਰਦਾ ਸੀ। ਮੁਲਜ਼ਮਾਂ ਕੋਲੋਂ 11 ਪਿਸਤੌਲ, 15 ਰੌਂਦ ਅਤੇ ਦੋ ਲੱਖ ਰੁਪਏ ਬਰਾਮਦ ਕੀਤੇ ਗਏ ਹਨ।
ਗਹਿਲੋਤ ਦੇ ਓ ਐੱਸ ਡੀ ਦੀ ਪਾਇਲਟ ਨਾਲ ਮੁਲਾਕਾਤ
ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਓ ਐੱਸ ਡੀ ਲੋਕੇਸ਼ ਸ਼ਰਮਾ ਨੇ ਐਤਵਾਰ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ। ਕਾਂਗਰਸ ਨੇ 25 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 33 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਪਾਇਲਟ ਪਾਰਟੀ ਦੇ ਸੀਨੀਅਰ ਨੇਤਾ ਹਨ ਅਤੇ ਮੀਟਿੰਗ ’ਚ ਵਿਧਾਨ ਸਭਾ ਚੋਣਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸ਼ਰਮਾ ਨੂੰ 200 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਲਈ ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੇਂਦਰੀ ਵਾਰ ਰੂਮ ਦਾ ਕੋ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਘਰੇਲੂ ਸੌਰ ਪੈਨਲਾਂ ਨੂੰ ਤਰਜੀਹ
ਨਵੀਂ ਦਿੱਲੀ : ਕੇਂਦਰੀ ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਮੰਤਰੀ ਆਰ ਕੇ ਸਿੰਘ ਨੇ ਕਿਹਾ ਕਿ ਸਰਕਾਰ ਅਗਲੇ ਤਿੰਨ ਤੋਂ ਚਾਰ ਸਾਲਾਂ ’ਚ ਸਿਰਫ ਘਰੇਲੂ ਪੱਧਰ ’ਤੇ ਬਣੇ ਸੈੱਲ, ਵੈਫਰਜ਼ ਅਤੇ ਪੋਲੀਸਿਲੀਕੋਨ ਤੋਂ ਬਣੇ ਸੌਰ ਪੈਨਲ ਨੂੰ ਮਾਡਲ ਅਤੇ ਨਿਰਮਾਤਾਵਾਂ ਦੀ ਮਨਜੂਰਸ਼ੁਦਾ ਸੂਚੀ ਤਹਿਤ ਰਜਿਸਟਰਡ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਇਸ ਸੰਬੰਧੀ ਨੀਤੀ ਤਿਆਰ ਕਰਨ ਨੂੰ ਕਿਹਾ ਹੈ।




