ਸ਼ਿਮਲਾ : ਹਿਮਾਚਲ ਦੇ ਕੁੱਲੂ ਜ਼ਿਲ੍ਹੇ ’ਚ ਬੁੱਧਵਾਰ ਸਵੇਰੇ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਘੱਟੋ-ਘੱਟ 7 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮਲਾਨਾ ਪਾਵਰ ਪ੍ਰਾਜੈਕਟ ਵਿਚ ਕੰਮ ਕਰ ਰਹੇ 25 ਤੋਂ ਵੱਧ ਕਾਮਿਆਂ ਨੂੰ ਹੜ੍ਹ ਨਾਲ ਨੁਕਸਾਨੀ ਗਈ ਇਮਾਰਤ ਵਿੱਚੋਂ ਬਾਹਰ ਕੱਢ ਲਿਆ ਗਿਆ। ਮਨੀਕਰਨ ’ਚ ਬੱਦਲ ਫਟਣ ਕਾਰਨ ਆਏ ਹੜ੍ਹ ’ਚ ਘੱਟੋ-ਘੱਟ ਚਾਰ ਲੋਕਾਂ ਦੇ ਵਹਿ ਜਾਣ ਦਾ ਖਦਸ਼ਾ ਹੈ ਅਤੇ ਪਾਰਵਤੀ ਨਦੀ ’ਤੇ ਪੁਲ ਨੁਕਸਾਨਿਆ ਗਿਆ ਹੈ। ਵੱਖ-ਵੱਖ ਥਾਵਾਂ ’ਤੇ 3 ਵਿਅਕਤੀ ਡੁੱਬ ਗਏ। ਬਚਾਅ ਟੀਮਾਂ ਨੂੰ ਮੌਕੇ ’ਤੇ ਰਵਾਨਾ ਕੀਤਾ ਗਿਆ, ਪਰ ਢਿੱਗਾਂ ਡਿੱਗਣ ਕਾਰਨ ਉਹ ਵੀ ਫਸ ਗਈਆਂ ਸਨ। ਚਲਾਲ ਪੰਚਾਇਤ ਦੇ ਛੋਝ ਪਿੰਡ ’ਚ ਸਵੇਰੇ ਕਰੀਬ 6 ਵਜੇ ਬੱਦਲ ਫਟਣ ਤੋਂ ਬਾਅਦ ਚਾਰ ਤੋਂ ਛੇ ਵਿਅਕਤੀ ਲਾਪਤਾ ਹੋ ਗਏ। ਤੇਜ਼ ਹੜ੍ਹ ਵਿਚ ਘੱਟੋ-ਘੱਟ ਪੰਜ ਪਸ਼ੂ ਵਹਿ ਗਏ। ਕਸੋਲ ਇਲਾਕੇ ਵਿਚ ਕੁਝ ਕੈਂਪਿੰਗ ਸਾਈਟਾਂ ਤੇ ਕੈਫੇ ਵੀ ਹੜ੍ਹ ਗਏ। ਪੰਡੋਹ ਤੇ ਲਾਲਜੇ ਡੈਮਾਂ ਦੇ ਫਲੱਡ ਗੇਟ ਖੋਲ੍ਹੇ ਜਾ ਰਹੇ ਸਨ ਤੇ ਹੇਠਲੇ ਇਲਾਕਿਆਂ ਦੇੇ ਲੋਕਾਂ ਨੂੰ ਸਾਵਧਾਨ ਕਰ ਦਿੱਤਾ ਗਿਆ ਸੀ।
ਇਸੇ ਦੌਰਾਨ ਸ਼ਿਮਲਾ ਸ਼ਹਿਰ ਦੇ ਬਾਹਰੀ ਇਲਾਕੇ ’ਚ ਢਿੱਗਾਂ ਡਿੱਗਣ ਕਾਰਨ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ।
ਮੀਂਹ ਨਾਲ ਚੰਡੀਗੜ੍ਹ-ਅੰਬਾਲਾ ਰਾਸ਼ਟਰੀ ਮਾਰਗ ’ਤੇ ਜ਼ੀਰਕਪੁਰ ’ਚ ਕਈ ਥਾਵਾਂ ’ਤੇ ਪਾਣੀ ਭਰ ਗਿਆ, ਜਿਸ ਕਾਰਨ ਪਟਿਆਲਾ ਚੌਕ ਨੇੜੇ ਆਵਾਜਾਈ ਠੱਪ ਹੋ ਗਈ। ਬੱਸ ਸਟੈਂਡ ਨੇੜੇ ਫਲਾਈ ਓਵਰ ਦੇ ਹੇਠਾਂ ਗੋਡੇ-ਗੋਡੇ ਪਾਣੀ ਖੜ੍ਹਾ ਹੋ ਗਿਆ। ਮੁੱਖ ਮਾਰਗ ’ਤੇ ਮੈਟਰੋ ਪੁਆਇੰਟ ਅਤੇ ਸਿੰਘਪੁਰਾ ਲਾਈਟ ਪੁਆਇੰਟ ਨੇੜੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਈ ਸਕੂਲੀ ਬੱਸਾਂ ਟ੍ਰੈਫਿਕ ਜਾਮ ’ਚ ਫਸ ਗਈਆਂ ਤੇ ਐਂਬੂਲੈਂਸ ਨੂੰ ਵੀ ਰਾਹ ਨਹੀਂ ਮਿਲਿਆ। ਜ਼ੀਰਕਪੁਰ ਕਸਬੇ ਦੀਆਂ ਅੰਦਰਲੀਆਂ ਸੜਕਾਂ ਬਰਸਾਤ ਦੇ ਪਾਣੀ ਨਾਲ ਭਰ ਗਈਆਂ। ਦੌਲਤ ਸਿੰਘ ਵਾਲਾ ਨੇੜੇ ਸਕੂਲੀ ਬੱਸ ਖਤਾਨ ਵਿਚ ਡਿੱਗ ਗਈ। 15 ਵਿਦਿਆਰਥੀ ਵਾਲ-ਵਾਲ ਬਚੇ। ਬਲਿਊ ਬਰਡ ਹਾਈ ਸਕੂਲ ਪੰਚਕੂਲਾ ਦੀ ਇਹ ਬੱਸ ਇਕ ਹੋਰ ਸਕੂਲੀ ਬੱਸ ਨੂੰ ਰਾਹ ਦਿੰਦਿਆਂ ਡਿੱਗੀ। ਲੋਕਾਂ ਨੇ ਡਰਾਈਵਰ ਦੀ ਸੀਟ ਵੱਲੋਂ ਬੱਚਿਆਂ ਨੂੰ ਕੱਢਿਆ। ਲੋਕਾਂ ਨੇ ਕਿਹਾ ਕਿ ਸ਼ਿਵ ਐਨਕਲੇਵ ਤੋਂ ਪਭਾਤ ਤੱਕ ਸੜਕ ਦੇ ਦੋਹੀਂ ਪਾਸੀਂ ਡਰੇਨੇਜ ਦੇ ਕੰਮ ਲਈ ਪੁਟਾਈ ਕਾਰਨ ਸੜਕ ਛੋਟੀ ਹੋ ਗਈ ਹੈ, ਜਦਕਿ ਪਾਈਪਾਂ ਅਜੇ ਵੀ ਨਹੀਂ ਪਾਈਆਂ। ਏਅਰਪੋਰਟ ਰੋਡ ’ਤੇ ਕਈ ਥਾਵਾਂ ’ਤੇ ਪਾਣੀ ਭਰ ਗਿਆ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਖਰੜ ਦੇ ਦੇਸੂਮਾਜਰਾ ਵਿਚ ਪਾਣੀ ਘਰਾਂ ’ਚ ਵੜ ਗਿਆ। ਮੁਹਾਲੀ ਵਿਚ ਸਵੇਰੇ ਸਾਢੇ ਪੰਜ ਵਜੇ ਤੋਂ ਸਾਢੇ ਅੱਠ ਵਜੇ ਤੱਕ 74.5 ਮਿਲੀਮੀਟਰ ਮੀਂਹ ਪੈਣ ਨਾਲ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ।