ਤਿਰੁਅਨੰਤਪੁਰਮ : ਕੇਰਲਾ ਦੇ ਐਰਨਾਕੁਲਮ ਵਿਚ ਐਤਵਾਰ ਇਕ ਕਨਵੈਨਸ਼ਨ ਸੈਂਟਰ ‘ਚ ਤਿੰਨ ਧਮਾਕਿਆਂ ‘ਚ ਇਕ ਮਹਿਲਾ ਦੀ ਮੌਤ ਹੋ ਗਈ ਤੇ 52 ਲੋਕ ਜ਼ਖਮੀ ਹੋ ਗਏ | ਕਲਾਮਾਸੇਰੀ ਸਥਿਤ ਸੈਂਟਰ ਵਿਚ ਸਵੇਰੇ ਸਾਢੇ 9 ਵਜੇ ਈਸਾਈਆਂ ਦੇ ਧਾਰਮਕ ਗਰੁੱਪ ਜੇਹੋਵਾਹ’ਜ਼ ਵਿਟਨਸ ਦੇ ਕਰੀਬ 2 ਹਜ਼ਾਰ ਲੋਕ ਪ੍ਰਾਰਥਨਾ ਕਰ ਰਹੇ ਸਨ ਕਿ ਪੰਜ ਮਿੰਟਾਂ ਵਿਚ ਤਿੰਨ ਧਮਾਕੇ ਹੋ ਗਏ | ਏ ਡੀ ਜੀ ਪੀ (ਅਮਨ-ਕਾਨੂੰਨ) ਅਜੀਤ ਕੁਮਾਰ ਨੇ ਦੱਸਿਆ ਕਿ ਇਕ ਸ਼ਖਸ ਡੋਮੀਨਿਕ ਮਾਰਟਿਨ ਨੇ ਕੋਡਕਾਰਾ ਥਾਣੇ ਵਿਚ ਸਰੰਡਰ ਕਰਕੇ ਕਿਹਾ ਹੈ ਕਿ ਉਹ ਬੰਬ ਰੱਖਣ ਵਾਲਿਆਂ ਵਿਚ ਸ਼ਾਮਲ ਸੀ | ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਬੰਬ ਰੱਖੇ ਕਿਉਂ?
ਇਸ ਤੋਂ ਪਹਿਲਾਂ ਕਨੂੰਰ ਪੁਲਸ ਨੇ ਵੀ ਝਾਰਖੰਡ ਦੇ ਇਕ ਵਿਅਕਤੀ ਨੂੰ ਬੈਗ ਵਿਚ ਸ਼ੱਕੀ ਸਮਾਨ ਮਿਲਣ ‘ਤੇ ਹਿਰਾਸਤ ‘ਚ ਲਿਆ | ਉਹ ਮੇਂਗਲੁਰੂ ਤੋਂ ਐਰੀਕੋਡ ਜਾ ਰਿਹਾ ਸੀ | ਏ ਡੀ ਜੀ ਪੀ ਅਜੀਤ ਕੁਮਾਰ ਮੁਤਾਬਕ ਮਾਰਟਿਨ ਨੇ ਖੁਦ ਨੂੰ ਈਸਾਈਆਂ ਦੇ ਧਾਰਮਕ ਗਰੁੱਪ ਜੇਹੋਵਾਹ’ਜ਼ ਵਿਟਨਸ ਦਾ ਮੈਂਬਰ ਦੱਸਿਆ ਹੈ | ਇਹ ਧਾਰਮਕ ਗਰੁੱਪ 19ਵੀਂ ਸਦੀ ਵਿਚ ਅਮਰੀਕਾ ‘ਚ ਹੋਂਦ ‘ਚ ਆਇਆ ਸੀ | ਮੁੱਖ ਮੰਤਰੀ ਪਿਨਾਰਾਈ ਵਿਜਯਨ, ਜਿਹੜੇ ਦਿੱਲੀ ‘ਚ ਸਨ, ਨੇ ਧਮਾਕਿਆਂ ਨੂੰ ਬਹੁਤ ਗੰਭੀਰ ਮਾਮਲਾ ਦੱਸਦਿਆਂ ਸੋਮਵਾਰ ਸਰਬ ਪਾਰਟੀ ਮੀਟਿੰਗ ਸੱਦ ਲਈ ਹੈ | ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਐੱਮ ਵੀ ਗੋਵਿੰਦਨ, ਜਿਹੜੇ ਪਾਰਟੀ ਪ੍ਰੋਗਰਾਮ ਦੇ ਸਿਲਸਿਲੇ ਵਿਚ ਵਿਜਯਨ ਨਾਲ ਦਿੱਲੀ ‘ਚ ਸਨ, ਨੇ ਕਿਹਾ ਕਿ ਫਲਸਤੀਨ ਮੁੱਦੇ ਤੋਂ ਧਿਆਨ ਹਟਾਉਣ ਵਾਲੀ ਕਿਸੇ ਵੀ ਸ਼ਰਾਰਤ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ | ਕੇਰਲਾ ਫਲਸਤੀਨ ਦੇ ਨਾਲ ਖੜ੍ਹਾ ਹੈ |
ਉਧਰ ਕੇਰਲਾ ਦੇ ਡੀ ਜੀ ਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਸ ਸੈਂਟਰ ‘ਚ ਆਈ ਈ ਡੀ ਧਮਾਕਾ ਹੋਇਆ ਹੈ | ਉਨ੍ਹਾ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਭੜਕਾਊ ਜਾਂ ਨਫਰਤੀ ਤਕਰੀਰ ਵਾਲੇ ਸੁਨੇਹੇ ਪ੍ਰਸਾਰਤ ਨਾ ਕਰਨ ਦੀ ਅਪੀਲ ਕੀਤੀ ਅਤੇ ਅਜਿਹਾ ਕਰਨ ਦੀ ਸੂਰਤ ‘ਚ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਹਰ ਮਦਦ ਦਾ ਭਰੋਸਾ ਦਿੱਤਾ | ਅਮਿਤ ਸ਼ਾਹ ਨੇ ਨੈਸ਼ਨਲ ਸਕਿਉਰਿਟੀ ਗਾਰਡ ਤੇ ਐੱਨ ਆਈ ਏ ਵਰਗੀਆਂ ਅੱਤਵਾਦ ਰੋਕੂ ਏਜੰਸੀਆਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਣ ਦਾ ਨਿਰਦੇਸ਼ ਦਿੱਤਾ ਹੈ |