ਪਟਨਾ (ਗਿਆਨ ਸੈਦਪੁਰੀ)
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ 15ਵੀਂ ਕੌਮੀ ਕਾਨਫਰੰਸ ਦੀ ਬਾਕਾਇਦਗੀ ਨਾਲ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ‘ਭਾਜਪਾ ਹਟਾਓ-ਦੇਸ਼ ਬਚਾਓ-ਨਵਾਂ ਭਾਰਤ ਬਣਾਓ’ ਦੇ ਨਾਹਰੇ ਤਹਿਤ ਵੀਰਵਾਰ ਕੀਤੀ ਗਈ ਮਹਾਂ ਰੈਲੀ ਅਪੋਜ਼ੀਸ਼ਨ ਪਾਰਟੀਆਂ ਦੇ ਸਿਆਸੀ ਮਹਾਂਗੱਠਜੋੜ ‘ਇੰਡੀਆ’ ਨੂੰ ਜਿੱਥੇ ਉਤਸਾਹੀ ਹੁਲਾਰਾ ਦੇ ਗਈ, ਉੱਥੇ ਬਿਹਾਰ ਦੇ ਮੁੱਖ ਮੰਤਰੀ ਤੋਂ ਲੈ ਕੇ ਸੀ ਪੀ ਆਈ (ਐੱਮ), ਸੀ ਪੀ ਆਈ (ਮਾਲੇ), ਜਨਤਾ ਦਲ (ਯੂ) ਅਤੇ ਕਾਂਗਰਸੀ ਆਗੂਆਂ ਨੇ ਸੀ ਪੀ ਆਈ ਵੱਲੋਂ ਮਹਾਂ ਰੈਲੀ ਦੇ ਰੂਪ ਵਿੱਚ ਵੱਡਾ ਮੰਚ ਮੁਹੱਈਆ ਕਰਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਮੁਬਾਰਕਾਂ ਵੀ ਪੇਸ਼ ਕੀਤੀਆਂ।
ਮਹਾਂ ਰੈਲੀ ਵਿੱਚ ਇਕੱਤਰ ਹੋਏ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਸੈਕੂਲਰ, ਸਮਾਜਵਾਦੀ ਅਤੇ ਕਮਿਊਨਿਸਟ ਲੋਕ ਫਾਸ਼ੀਵਾਦੀਆਂ ਤੇ ਪੂੰਜੀਪਤੀਆਂ ਪੱਖੀ ਸਰਕਾਰ ਵਿਰੁੱਧ ਇਕੱਠੇ ਹੋ ਕੇ ਲੜਾਈ ਦੇਣਗੇ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਸਰਕਾਰ ਦਾ ਬਿਸਤਰਾ ਗੋਲ ਕਰ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਭਾਜਪਾ ਵਿਰੁੱਧ ਵੋਟ ਦੇ ਕੇ ਦੇਸ਼ ਦਾ ਭਲਾ ਯਕੀਨੀ ਕਰਨਗੇ। ਉਨ੍ਹਾ ਕਿਹਾ ਕਿ ਹਾਲ ਦੀ ਘੜੀ ਉਨ੍ਹਾ (ਨਿਤਿਸ਼ ਕੁਮਾਰ) ਦਾ ਇੱਕੋ ਉਦੇਸ਼ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਸਮੁੱਚੀ ਵਿਰੋਧੀ ਧਿਰ ਨੂੰ ਇਕੱਠਿਆਂ ਕਰਨਾ ਹੈ। ਮੁੱਖ ਮੰਤਰੀ ਨੇ ਇਸ ਕੰਮ ਲਈ ਸੀ ਪੀ ਆਈ ਵੱਲੋਂ ਨਿਭਾਈ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ।
ਨਿਤਿਸ਼ ਕੁਮਾਰ ਨੇ ਕਿਹਾ ਕਿ ਕਾਂਗਰਸ ਦੇ ਅਸੰਬਲੀ ਚੋਣਾਂ ਵਿਚ ਖੁੱਭੇ ਹੋਣ ਕਾਰਨ ਆਪੋਜ਼ੀਸ਼ਨ ਦਾ ਗੱਠਜੋੜ ‘ਇੰਡੀਆ’ ਉਸ ਰਫਤਾਰ ਨਾਲ ਅੱਗੇ ਨਹੀਂ ਵਧ ਰਿਹਾ, ਜਿਵੇਂ ਇਹ ਜਨਮ ਲੈਣ ਵੇਲੇ ਵਧਿਆ ਸੀ। ਲੱਗਦਾ ਹੈ ਕਿ ਅਸੰਬਲੀ ਚੋਣਾਂ ਤੋਂ ਬਾਅਦ ਹੀ ਗੱਲ ਅੱਗੇ ਤੁਰੇਗੀ। ਉਨ੍ਹਾ ਕਿਹਾ ਕਿ ਆਪੋਜ਼ੀਸ਼ਨ ਪਾਰਟੀਆਂ ਸਹਿਮਤ ਹੋਈਆਂ ਸਨ ਕਿ ਕਾਂਗਰਸ ਆਗੂ ਰੋਲ ਨਿਭਾਏ, ਪਰ ਉਹ ਚੋਣਾਂ ਵਿਚ ਫਸੀ ਹੋਈ ਹੈ।
ਉਨ੍ਹਾ ਦੋਸ਼ ਲਾਇਆ ਕਿ ਭਾਜਪਾ ਹਿੰਦੂਆਂ ਨੂੰ ਮੁਸਲਮਾਨਾਂ ਖਿਲਾਫ ਲੜਾ ਰਹੀ ਹੈ, ਪਰ ਤਸੱਲੀ ਦੀ ਗੱਲ ਹੈ ਕਿ ਬਿਹਾਰ ਫਿਰਕੂ ਫਸਾਦਾਂ ਤੋਂ ਬਚਿਆ ਹੋਇਆ ਹੈ। ਉਨ੍ਹਾ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦਾ ਇਤਿਹਾਸ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇਹ ਸੱਚਾਈ ਲੁਕੋਣਾ ਚਾਹੁੰਦੀ ਹੈ ਕਿ ਉਸ ਨੇ ਆਜ਼ਾਦੀ ਦੇ ਸੰਘਰਸ਼ ਵਿਚ ਕੁਝ ਨਹੀਂ ਕੀਤਾ। ਨਿਤਿਸ਼ ਨੇ ਕਾਮਰੇਡ ਰਾਜਾ ਨੂੰ ਮੁਖਾਤਬ ਹੁੰਦਿਆਂ 1980ਵਿਆਂ ਤੋਂ ਖੱਬੀਆਂ ਪਾਰਟੀਆਂ ਨਾਲ ਆਪਣੇ ਕਰੀਬੀ ਰਿਸ਼ਤਿਆਂ ਨੂੰ ਚੇਤੇ ਕਰਦਿਆਂ ਕਿਹਾ ਕਿ ਸੀ ਪੀ ਆਈ ਤੇ ਸੀ ਪੀ ਆਈ (ਐੱਮ) ਨੇ ਉਨ੍ਹਾ ਨੂੰ ਪਹਿਲੀ ਚੋਣ ਜਿਤਾਉਣ ਵਿਚ ਮਦਦ ਕੀਤੀ ਸੀ। ਉਨ੍ਹਾ ਕਿਹਾਬਿਹਾਰ ਵਿਚ ਅਸੀਂ ਖੱਬੀਆਂ ਪਾਰਟੀਆਂ ਦੇ ਅਗਾਂਹਵਧੂ ਨਜ਼ਰੀਏ ਦੇ ਕਾਇਲ ਰਹੇ ਹਾਂ। ਇਨ੍ਹਾਂ ਦੀਆਂ ਰੈਲੀਆਂ ਵਿਚ ਕਾਫੀ ਮਹਿਲਾਵਾਂ ਜੁੜਦੀਆਂ ਸਨ, ਜਦੋਂ ਕਿ ਹੋਰਨਾਂ ਪਾਰਟੀਆਂ ਦੀਆਂ ਰੈਲੀਆਂ ਵਿਚ ਅਜਿਹਾ ਨਹੀਂ ਹੁੰਦਾ ਸੀ।
ਉਹਨਾ ਕਿਹਾ ਕਿ ਸਾਰੀਆਂ ਖੱਬੀਆਂ ਪਾਰਟੀਆਂ ਦਾ ਮੁੱਢ ਇੱਕੋ ਹੈ। ਇਨ੍ਹਾਂ ਨੂੰ ਇਕ ਹੋਣ ਬਾਰੇ ਸੋਚਣਾ ਚਾਹੀਦਾ ਹੈ। ਇਸ ’ਤੇ ਕਾਮਰੇਡ ਰਾਜਾ ਖੁੱਲ੍ਹ ਕੇ ਹੱਸੇ।
ਨਿਤਿਸ਼ ਨੇ ਕੇਂਦਰ ਸਰਕਾਰ ਵੱਲੋਂ ਮੀਡੀਆ ਦਾ ਗਲਾ ਘੁੱਟਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਿਹਾਰ ਵਿਚ ਕਾਫੀ ਚੰਗਾ ਕੰਮ ਹੋ ਰਿਹਾ ਹੈ, ਪਰ ਮੀਡੀਆ ਵਿਚ ਇਸ ਦਾ ਜ਼ਿਕਰ ਘੱਟ ਹੀ ਹੁੰਦਾ ਹੈ।
ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਨੇ ਮਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਕੱਠੇ ਕੰਮ ਕਰਨ ਦਾ ਜੋ ਵਾਅਦਾ ਦੁਹਰਾਇਆ ਹੈ, ਉਹ ਉਸ ਦਾ ਧੰਨਵਾਦ ਕਰਦੇ ਹਨ। ਉਨ੍ਹਾ ਕਿਹਾ ਕਿ ਦੇਸ਼ ਦਾ ਅਰਥ ਹੈ ਇਸ ਦੇ ਲੋਕ ਤੇ ਲੋਕਾਂ ਲਈ ਉਲਝੀ ਹੋਈ ਸਿਆਸਤ ਨੂੰ ਸਾਫ-ਸੁਥਰੀ ਤੇ ਸਾਂਵੀਂ-ਪੱਧਰੀ ਕਰਨਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾ ਕਿਹਾ ਮੋਦੀ ‘ਮਨ ਕੀ ਬਾਤ’ ਕਰਦਾ ਹੈ, ਲੋਕਾਂ ਦੀ ਨਹੀ। ਕਮਿਊਨਿਸਟ ਆਗੂ ਨੇ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਚਰਿੱਤਰ ਦੀ ਗੱਲ ਕਰਦਿਆਂ ਕਿਹਾ ਕਿ ਆਰ ਐੱਸ ਐੱਸ ਦਾ ਮਨੋਰਥ ਕਿਸੇ ਕੋਲੋਂ ਲੁਕਿਆ ਹੋਇਆ ਨਹੀਂ ਤੇ ਭਾਜਪਾ ਉਸ ਦੇ ਹਰ ਹੁਕਮ ਦੀ ਪਾਲਣਾ ਕਰਦੀ ਹੈ। ਭਾਜਪਾ ਦੀ ਇਸ ਮਨੁੱਖ ਵਿਰੋਧੀ ਸੋਚ ਨੂੰ ਖਤਮ ਕਰਨ ਲਈ ਅਸੀਂ ਸਿਆਸੀ ਯੁੱਧ ਦੇ ਮੈਦਾਨ ਵਿੱਚ ਹਾਂ ਅਤੇ ਜਿੱਤ ਤੱਕ ਇਹ ਲੜਾਈ ਜਾਰੀ ਰਹੇਗੀ।
ਡੀ ਰਾਜਾ ਨੇ ਕਿਹਾ ਕਿ ਭਾਜਪਾ ਸਰਕਾਰ ਅਡਾਨੀ ਤੇ ਅੰਬਾਨੀ ਵਰਗੇ ਲੋਕਾਂ ਲਈ ਕੰਮ ਕਰਦੀ ਹੈ, ਜੋ ਵੱਡੇ ਪੂੰਜੀਵਾਦ ਦਾ ਸਿਰਨਾਵਾਂ ਹਨ। ਕਮਿਊਨਿਸਟ ਆਗੂ ਨੇ ਦੇਸ਼ ਦੀ ਅਜੋਕੀ ਸਿਆਸੀ ਤੇ ਆਰਥਕ ਹਾਲਤ ਦੀ ਵਿਸਥਾਰ ਨਾਲ ਚੀਰ-ਫਾੜ ਕਰਦਿਆਂ ਕਿਹਾ ਕਿ ਮੋਦੀ ਦੀ ਮਾੜੀ ਸਰਕਾਰ ਨੂੰ ਸੱਤਾ ਤੋਂ ਪਾਸੇ ਕਰਕੇ ਹੀ ਦੇਸ਼ ਦੀ ਸਿਆਸਤ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ। ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਮਹਾਂ ਰੈਲੀ ਦੀ ਪ੍ਰਸੰਗਿਕਤਾ ਦੀ ਗੱਲ ਕਰਦਿਆਂ ਸੀ ਪੀ ਆਈ ਦੇ ਉਦਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਲਾਲੂ ਪ੍ਰਸਾਦ ਯਾਦਵ ਅਤੇ ਖੁਦ ਵੱਲੋਂ ਕਮਿਊਨਿਸਟਾਂ ਨੂੰ ਸਲਾਮ ਪੇਸ਼ ਕੀਤੀ। ਉਨ੍ਹਾ ਰੈਲੀ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਸ ਦੇ ਸਾਰਥਕ ਸਿੱਟੇ ਨਿਕਲਣਗੇ। ਉਹਨਾ ਕਿਹਾ ਕਿ ਦੇਸ਼ ਅੰਦਰ ਕੁਝ ਲੋਕ ਤਲਵਾਰਾਂ ਵੰਡ ਰਹੇ ਹਨ, ਪਰ ਅਸੀ ਕਲਮਾਂ (ਸਰਕਾਰੀ ਨੌਕਰੀਆਂ) ਵੰਡ ਰਹੇ ਹਾਂ। ਤੇਜਸਵੀ ਨੇ ਕਿਹਾਹੁਣ ਭਾਜਪਾ ਨੂੰ ਮਹਿੰਗਾਈ ਡੈਣ ਨਹੀਂ ਦਿੱਸਦੀ, ਮਹਿਬੂਬਾ ਤੇ ਭਾਬੀ ਲੱਗਦੀ ਹੈ। ਉਨ੍ਹਾ ਰੈਲੀ ਲਈ ਸੀ ਪੀ ਆਈ ਆਗੂਆਂ ਦਾ ਧੰਨਵਾਦ ਕੀਤਾ। ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਸਕੱਤਰ ਅਮਰਜੀਤ ਕੌਰ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਮਹਾਂ ਰੈਲੀ ਹੋਣ ਦਾ ਸਟੀਕ ਸਮਾਂ ਹੈ। ਉਨ੍ਹਾ ਕਿਹਾ ਕਿ ਦੂਸਰੀਆਂ ਪਾਰਟੀਆਂ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਹਾਰ ਰਾਜ ਹਮੇਸ਼ਾ ਸਿਆਸਤ ਨੂੰ ਠੀਕ ਦਿਸ਼ਾ ਦਿੰਦਾ ਹੈ, ਮੈਂ ਇਸ ਵਿੱਚ ਵਾਧਾ ਕਰਦੀ ਹਾਂ ਕਿ ਇਹ ਦਿਸ਼ਾ ਦੇਣ ਲਈ ਬਿਹਾਰ ਦੀ ਕਮਿਊਨਿਸਟ ਪਾਰਟੀ ਦਾ ਅਹਿਮ ਯੋਗਦਾਨ ਹੁੰਦਾ ਹੈ। ਤੱਥਾਂ ਭਰਪੂਰ ਤਕਰੀਰ ਕਰਨ ਵਾਲੀ ਆਗੂ ਵਜੋਂ ਜਾਣੀ ਜਾਂਦੀ ਅਮਰਜੀਤ ਕੌਰ ਨੇ 1925 ਤੋਂ ਲੈ ਕੇ ਹੁਣ ਤੱਕ ਦੇ ਆਰ ਐੱਸ ਐੱਸ ਦੇ ਕਾਰਿਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਸੀ ਪੀ ਆਈ ਐੱਮ (ਮਾਲੇ) ਦੀ ਪੋਲਿਟ ਬਿਉਰੋ ਦੀ ਮੈਂਬਰ ਨੀਨਾ ਤਿਵਾੜੀ, ਸੀ ਪੀ ਆਈ (ਐੱਮ) ਦੇ ਆਗੂ ਲਲਿਨ ਚੌਧਰੀ, ਕਾਂਗਰਸ ਦੇ ਉੱਪ ਪ੍ਰਧਾਨ ਕਿਰਪਾ ਨਾਥ ਪਾਠਕ ਨੇ ਵੀ ਮਹਾਂ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਮੀਤ ਪ੍ਰਧਾਨ ਕਿ੍ਰਸ਼ਨ ਚੌਹਾਨ, ਸੀਤਾ ਰਾਮ ਗੋਬਿੰਦਪੁਰਾ, ਐਡਵੋਕੇਟ ਸੁਰਜੀਤ ਸਿੰਘ ਸੋਹੀ, ਪ੍ਰੀਤਮ ਸਿੰਘ ਨਿਆਮਤਪੁਰਾ, ਗੁਰਬਖਸ਼ ਕੌਰ ਨਵਾਂ ਸਹਿਰ ਅਤੇ ਨਾਨਕ ਚੰਦ ਲੰਬੀ ਆਦਿ ਸਟੇਜ ’ਤੇ ਬਿਰਾਜਮਾਨ ਸਨ।





