20 C
Jalandhar
Tuesday, April 16, 2024
spot_img

ਸ਼ਿੰਜ਼ੋ ਦੀ ਚੋਣ ਪ੍ਰਚਾਰ ਦੌਰਾਨ ਹੱਤਿਆ

ਟੋਕੀਓ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੂੰ ਸ਼ੁੱਕਰਵਾਰ ਦੇਸ਼ ਦੇ ਪੱਛਮੀ ਹਿੱਸੇ ਵਿਚ ਚੋਣ ਪ੍ਰਚਾਰ ਦੌਰਾਨ ਭਾਸ਼ਣ ਕਰਦਿਆਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ | 42 ਸਾਲ ਦੇ ਹਮਲਾਵਰ ਯਾਮਾਗਾਮੀ ਤੇਤਸੁਆ ਨੂੰ ਸੁਰੱਖਿਆ ਜਵਾਨਾਂ ਨੇ ਮੌਕੇ ‘ਤੇ ਹੀ ਕਾਬੂ ਕਰ ਲਿਆ | ਉਸ ਕੋਲੋਂ ਗੰਨ ਬਰਾਮਦ ਹੋਈ, ਜਿਹੜੀ ਕਿਸੇ ਟੀ ਵੀ ਕੈਮਰੇ ਵਰਗੀ ਸੀ | ਮੈਰੀਟਾਈਮ ਸੈਲਫ ਡਿਫੈਂਸ ਫੋਰਸ ਦੇ ਮੈਂਬਰ ਰਹੇ ਹਮਲਾਵਰ ਨੇ ਗੰਨ ਖੁਦ ਬਣਾਈ ਸੀ | ਉਹ ਆਬੇ ਦੀਆਂ ਨੀਤੀਆਂ ਤੋਂ ਨਾਖੁਸ਼ ਸੀ | ਹਮਲਾਵਰ ਫੋਟੋ ਖਿੱਚਣ ਦੇ ਬਹਾਨੇ ਆਬੇ ਕੋਲ ਪੁੱਜਾ ਸੀ | ਆਬੇ ‘ਤੇ ਹਮਲਾ ਭਾਰਤੀ ਸਮੇਂ ਮੁਤਾਬਕ ਸਵੇੇਰ 8 ਵਜੇ (ਜਾਪਾਨੀ ਸਮੇਂ ਮੁਤਾਬਕ ਦਿਨੇ ਸਾਢੇ 11 ਵਜੇ) ਹੋਇਆ | ਦੋ ਗੋਲੀਆਂ ਲੱਗਣ ‘ਤੇ ਆਬੇ ਡਿਗ ਪਏ | ਉਨ੍ਹਾ ਨੂੰ ਹੈਲੀਕਾਪਟਰ ਵਿਚ ਨਾਰਾ ਮੈਡੀਕਲ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ | ਡਾਕਟਰਾਂ ਨੇ 6 ਘੰਟਿਆਂ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ | ਇਲਾਜ ਦੌਰਾਨ ਉਨ੍ਹਾ ਨੂੰ ਦਿਲ ਦਾ ਦੌਰਾ ਵੀ ਪਿਆ | ਆਬੇ ਸੜਕ ‘ਤੇ ਹੀ ਚੋਣ ਇਕੱਠ ਵਿਚ ਬੋਲ ਰਹੇ ਸਨ | ਜਾਪਾਨ ਦੇ ਉੱਚ ਸਦਨ ਲਈ ਐਤਵਾਰ ਵੋਟਾਂ ਪੈਣੀਆਂ ਹਨ |
ਲਿਬਰਲ ਡੈਮੋਕਰੇਟਿਕ ਪਾਰਟੀ ਦੇ ਆਗੂ 67 ਸਾਲਾ ਆਬੇ ਜਾਪਾਨ ਦੇ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਰਹੇ | ਪਹਿਲਾਂ ਉਹ 2006 ਤੋਂ 2007 ਤੱਕ ਤੇ ਫਿਰ 2012 ਤੋਂ 2020 ਤੱਕ ਪ੍ਰਧਾਨ ਮੰਤਰੀ ਰਹੇ | ਉਹ ਕੁਲ 9 ਸਾਲ ਪ੍ਰਧਾਨ ਮੰਤਰੀ ਰਹੇ | ਇਸ ਤੋਂ ਪਹਿਲਾਂ ਉਨ੍ਹਾ ਦੇ ਚਾਚਾ ਇਸਾਕੂ ਸੈਤੋ ਸਭ ਤੋਂ ਵੱਧ ਸਮਾਂ ਪ੍ਰਧਾਨ ਮੰਤਰੀ ਰਹੇ ਸਨ | ਆਬੇ ਹਮਲਾਵਰ ਆਗੂ ਵਜੋਂ ਜਾਣੇ ਜਾਂਦੇ ਸਨ | ਆਬੇ ਦੇ ਦਾਦਾ ਤੇ ਨਾਨਾ ਵੀ ਪ੍ਰਧਾਨ ਮੰਤਰੀ ਰਹੇ | ਪਿਤਾ ਵਿਦੇਸ਼ ਮੰਤਰੀ ਰਹਿ ਚੁੱਕੇ ਹਨ | ਆਬੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮਦੀ ਦੇ ਖਾਸ ਦੋਸਤ ਸਨ | ਉਨ੍ਹਾ ਦੀ ਬਨਾਰਸ ਤੇ ਗੁਜਰਾਤ ਯਾਤਰਾ ਕਾਫੀ ਚਰਚਿਤ ਰਹੀ | 25 ਜਨਵਰੀ 2021 ਵਿਚ ਭਾਰਤ ਨੇ ਆਬੇ ਨੂੰ ਪਦਮ ਵਿਭੂਸ਼ਣ ਨਾਲ ਨਿਵਾਜਿਆ ਸੀ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ-ਭਾਰਤ ਤੇ ਜਾਪਾਨ ਦੇ ਰਿਸ਼ਤਿਆਂ ਤੇ ਸੰਸਾਰ ਭਾਈਵਾਲੀ ਵਿਚ ਆਬੇ ਦੀ ਅਹਿਮ ਭੂਮਿਕਾ ਰਹੀ | ਇਸ ਮੁਸ਼ਕਲ ਦੀ ਘੜੀ ਅਸੀਂ ਪੂਰੀ ਤਾਕਤ ਨਾਲ ਜਾਪਾਨ ਦੇ ਆਪਣੇ ਭੈਣਾਂ-ਭਰਾਵਾਂ ਨਾਲ ਖੜ੍ਹੇ ਹਾਂ | ਪ੍ਰਧਾਨ ਮੰਤਰੀ ਨੇ 9 ਜੁਲਾਈ ਨੂੰ ਰਾਜਕੀ ਸੋਗ ਦਾ ਵੀ ਐਲਾਨ ਕੀਤਾ |

Related Articles

LEAVE A REPLY

Please enter your comment!
Please enter your name here

Latest Articles