ਲੰਡਨ : ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਦੀ ਸ਼ਮੂਲੀਅਤ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਦੇ ਜਵਾਬ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦਾਅਵਿਆਂ ਦੇ ਸਮਰਥਨ ਲਈ ਸਬੂਤ ਮੰਗੇ ਹਨ। ਇੱਥੇ ਗੱਲਬਾਤ ਦੌਰਾਨ ਉਨ੍ਹਾ ਭਰੋਸੇਯੋਗ ਸਬੂਤਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਹ ਪੁੱਛੇ ਜਾਣ ’ਤੇ ਕਿ ਕੀ ਇਸ ਹੱਤਿਆ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਕੋਈ ਸਬੂਤ ਹੈ ਤਾਂ ਉਨ੍ਹਾ ਸਪੱਸ਼ਟ ਤੌਰ ’ਤੇ ਨਹੀਂ ਕਿਹਾ। ਟਰੂਡੋ ਦੇ ਦੋਸ਼ਾਂ ਬਾਰੇ ਬੋਲਦੇ ਹੋਏ ਜੈਸ਼ੰਕਰ ਨੇ ਖੁਲਾਸਾ ਕੀਤਾ ਕਿ ਉਨ੍ਹਾ ਨੇ ਇਸ ਮਾਮਲੇ ’ਤੇ ਆਪਣੀ ਕੈਨੇਡੀਅਨ ਹਮਰੁਤਬਾ ਮੇਲਾਨੀਆ ਜੌਲੀ ਨਾਲ ਗੱਲਬਾਤ ਕੀਤੀ ਹੈ। ਕੈਨੇਡੀਅਨ ਸਰਕਾਰ ਨੂੰ ਉਨ੍ਹਾ ਨਾਲ ਕੋਈ ਵੀ ਸਬੂਤ ਸਾਂਝਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾ ਕਿਹਾ ਕਿ ਭਾਰਤ ਜਾਂਚ ਕਰਾਉਣ ਲਈ ਤਿਆਰ ਹੈ, ਬਸ਼ਰਤੇ ਇਸ ਬਾਰੇ ਸਬੂਤ ਪੇਸ਼ ਕੀਤੇ ਜਾਣ, ਪਰ ਹਾਲੇ ਤੱਕ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ।



