ਸਿਡਨੀ : ਆਸਟਰੇਲੀਆ ’ਚ ਤਸਮਾਨੀਆ ਦੇ ਹੋਬਾਰਟ ਵਿਚ ‘ਦਾਅਵਤ-ਦ ਇਨਵੀਟੇਸ਼ਨ’ ਰੈਸਟੋਰੈਂਟ ਚਲਾਉਂਦੇ ਜਰਨੈਲ ਜਿੰਮੀ ਸਿੰਘ ਨੂੰ ਦੋ-ਤਿੰਨ ਮਹੀਨਿਆਂ ਤੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਈ ਦਿਨਾਂ ਤੱਕ ਉਸ ਨੂੰ ਲਗਾਤਾਰ ਆਪਣੀ ਕਾਰ ’ਤੇ ਮਲ-ਮੂਤਰ ਲੱਗਿਆ ਮਿਲਿਆ ਅਤੇ ਨਾਲ ਹੀ ਨਸਲੀ ਚਿੱਠੀਆਂ ਮਿਲੀਆਂ, ਜਿਸ ਵਿਚ ਲਿਖਿਆ ਗਿਆ ਸੀ, ‘ਭਾਰਤੀ, ਘਰ ਜਾਓ’।
ਤਸਮਾਨੀਆ ਪੁਲਸ ਦੇ ਕਮਾਂਡਰ ਜੇਸਨ ਐਲਮਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਸਮਾਨੀਆ ਦੀ ਬਹੁ-ਸੱਭਿਆਚਾਰਕ ਪ੍ਰੀਸ਼ਦ ਦੀ ਚੇਅਰਐਨ ਜਾਫਰੀ ਨੇ ਦੱਸਿਆ ਕਿ ਜਿੰਮੀ ਵੱਲੋਂ ਅਨੁਭਵ ਕੀਤੀਆਂ ਘਟਨਾਵਾਂ ਬਹੁਤ ਆਮ ਹਨ ਅਤੇ ਵਧ ਰਹੀਆਂ ਹਨ। ਪੁਲਸ ਦੀ ਜਾਂਚ ਸ਼ੁਰੂ ਹੋਣ ਮਗਰੋਂ ਜਿੰਮੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਲਿਖਿਆ-ਸਾਡੇ ਸੁੰਦਰ ਦੇਸ਼ ਆਸਟਰੇਲੀਆ ਵਿਚ ਨਸਲਵਾਦ ਲਈ ਕੋਈ ਥਾਂ ਨਹੀਂ ਹੈ। ਉਸ ਨੇ ਆਪਣੇ ਸਮਰਥਕਾਂ ਅਤੇ ਗਾਹਕਾਂ ਦਾ ਵੀ ਧੰਨਵਾਦ ਕੀਤਾ, ਜੋ ਮੁਸ਼ਕਲ ਸਮੇਂ ਵਿਚ ਉਸ ਨਾਲ ਖੜ੍ਹੇ।



