ਕੈਲੀਫੋਰਨੀਆ : ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਨ੍ਹਾ ਨੇ ਚੀਨ ਦੇ ਰਾਸ਼ਟਰਪਤੀ ਬਾਰੇ ਆਪਣਾ ਨਜ਼ਰੀਆ ਨਹੀਂ ਬਦਲਿਆ ਤੇ ਸ਼ੀ ਜਿਨਪਿੰਗ ਅੱਜ ਵੀ ਉਨ੍ਹਾ ਦੀ ਨਜ਼ਰ ’ਚ ਤਾਨਾਸ਼ਾਹ ਹਨ। ਬਾਇਡਨ ਨੇ ਸਾਨ ਫਰਾਂਸਿਸਕੋ ਦੇ ਬਾਹਰਵਾਰ ਜਿਨਪਿੰਗ ਨਾਲ ਚਾਰ ਘੰਟੇ ਦੀ ਗੱਲਬਾਤ ਤੋਂ ਬਾਅਦ ਇਕੱਲੇ ਪ੍ਰੈੱਸ ਕਾਨਫਰੰਸ ਕੀਤੀ। ਕਾਨਫਰੰਸ ਦੇ ਅੰਤ ’ਚ ਉਨ੍ਹਾ ਨੂੰ ਪੁੱਛਿਆ ਗਿਆ ਕਿ ਕੀ ਉਹ ਹਾਲੇ ਵੀ ਇਹ ਵਿਚਾਰ ਰੱਖਦੇ ਹਨ ਕਿ ਜਿਨਪਿੰਗ ਤਾਨਾਸ਼ਾਹ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ-ਉਹ ਹੈ। ਉਹ ਇੱਕ ਅਜਿਹਾ ਆਦਮੀ ਹੈ, ਜੋ ਇੱਕ ਕਮਿਊਨਿਸਟ ਦੇਸ਼ ਨੂੰ ਚਲਾ ਰਿਹਾ ਹੈ, ਜੋ ਸਾਡੇ ਨਾਲੋਂ ਬਿਲਕੁਲ ਵੱਖਰੀ ਸਰਕਾਰ ’ਤੇ ਆਧਾਰਤ ਹੈ। ਛੇ ਸਾਲਾਂ ਬਾਅਦ ਜਿਨਪਿੰਗ ਅਮਰੀਕਾ ਪਹੁੰਚੇ। ਉਨ੍ਹਾ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਦੇ ਨੇਤਾਵਾਂ ਦੀ ਬੈਠਕ ’ਚ ਵੀ ਹਿੱਸਾ ਲਿਆ। ਦੋਵੇਂ ਦੇਸ਼ ਆਪਣੇ ਸੰਬੰਧਾਂ ਨੂੰ ਸੁਧਾਰਨ, ਫੌਜੀ ਸੰਚਾਰ ਨੂੰ ਮੁੜ ਸਥਾਪਤ ਕਰਨ ਲਈ ਸਹਿਮਤ ਹੋਏ।
ਦੋਵਾਂ ਨੇਤਾਵਾਂ ਵਿਚਾਲੇ ਰੂਸ-ਯੂਕਰੇਨ ਯੁੱਧ, ਤਾਈਵਾਨ, ਚੀਨੀ ਜਾਸੂਸੀ ਗੁਬਾਰਿਆਂ ਸਮੇਤ ਕਈ ਮੁੱਦਿਆਂ ’ਤੇ ਚਰਚਾ ਹੋਈ। ਬਾਇਡਨ ਨਾਲ ਗੱਲਬਾਤ ਦੌਰਾਨ ਜਿਨਪਿੰਗ ਨੇ ਕਿਹਾ-ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਮਹੱਤਵਪੂਰਨ ਹੈ ਕਿ ਅਸੀਂ ਬਿਨਾਂ ਕਿਸੇ ਗਲਤਫਹਿਮੀ ਦੇ, ਇਕ-ਦੂਜੇ ਨੂੰ ਸਪੱਸ਼ਟ ਤੌਰ ’ਤੇ ਸਮਝੀਏ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਮੁਕਾਬਲਾ ਟਕਰਾਅ ’ਚ ਨਾ ਬਦਲ ਜਾਵੇ।



