12.2 C
Jalandhar
Wednesday, December 11, 2024
spot_img

ਪੰਜਾਬ ਨੂੰ ਮੈਡੀਕਲ ਸਿੱਖਿਆ ਦੇ ਗੜ੍ਹ ਵਜੋਂ ਵਿਕਸਤ ਕੀਤਾ ਜਾਵੇਗਾ : ਮੁੱਖ ਮੰਤਰੀ

ਅੰਮਿ੍ਤਸਰ (ਜਸਬੀਰ ਸਿੰਘ ਪੱਟੀ, ਨਰਿੰਦਰਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਮੈਡੀਕਲ ਸਿੱਖਿਆ ਖ਼ੇਤਰ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਨੂੰ ਮੈਡੀਕਲ ਸਿੱਖਿਆ ਦੇ ਗੜ੍ਹ ਵਜੋਂ ਵਿਕਸਤ ਕੀਤਾ ਜਾਵੇਗਾ | ਸਰਕਾਰੀ ਮੈਡੀਕਲ ਕਾਲਜ, ਅੰਮਿ੍ਤਸਰ ਦੇ ਸ਼ਤਾਬਦੀ ਜਸ਼ਨਾਂ ਦੌਰਾਨ ਓ ਪੀ ਡੀ ਬਲਾਕ ਤੇ ਸਟੇਟ ਕੈਂਸਰ ਇੰਸਟੀਚਿਊਟ ਵਿੱਚ ਓ ਟੀ ਕੰਪਲੈਕਸ, ਰੇਡੀਏਸ਼ਨ ਥੈਰੇਪੀ ਬਲਾਕ, ਸੀਨੀਅਰ ਰੈਜ਼ੀਡੈਂਟ ਹੋਸਟਲ ਬਲਾਕ, ਨਰਸਿੰਗ ਹੋਸਟਲ ਬਲਾਕ, ਲੜਕਿਆਂ ਦਾ ਹੋਸਟਲ ਤੇ ਈ-ਹਸਪਤਾਲ ਪ੍ਰਾਜੈਕਟ ਵਿੱਚ ਆਡੀਟੋਰੀਅਮ ਲੋਕਾਂ ਨੂੰ ਸਮਰਪਤ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਇਸ ਦਿਸ਼ਾ ਵਿੱਚ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੀ ਹੈ | ਉਨ੍ਹਾ ਕਿਹਾ ਕਿ ਇਸ ਮੰਤਵ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾ ਕਿਹਾ ਕਿ ਇਸ ਖ਼ੇਤਰ ‘ਚ ਪੰਜਾਬ ਕੋਲ ਬੇਹੱਦ ਸੰਭਾਵਨਾਵਾਂ ਹਨ ਅਤੇ ਸੂਬੇ ‘ਚ ਮੈਡੀਕਲ ਟੂਰਿਜ਼ਮ ਨੂੰ ਤਰੱਕੀ ਦੇਣੀ ਯਕੀਨੀ ਬਣਾਉਣ ਉਤੇ ਜ਼ੋਰ ਦਿੱਤਾ ਜਾਵੇਗਾ |
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਲਈ ਸੂਬਾ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 27 ਨਵੰਬਰ ਤੋਂ ਇਕ ਨਿਵੇਕਲੀ ਪਹਿਲ ਦੀ ਸ਼ੁਰੂਆਤ ਕਰੇਗੀ | ਇਸ ਮੁਹਿੰਮ ਤਹਿਤ 40 ਤੋਂ 42 ਸੇਵਾਵਾਂ ਬਿਨਾਂ ਕਿਸੇ ਦਿੱਕਤ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਮੁਹੱਈਆ ਹੋਣਗੀਆਂ | ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ 26 ਜਨਵਰੀ ਤੋਂ ਪੰਜਾਬ ਦੇ ਸਾਰੇ ਤਹਿਸੀਲ ਤੇ ਜ਼ਿਲ੍ਹਾ ਪੱਧਰ ਦੇ ਹਸਪਤਾਲ ਐਕਸਰੇ ਮਸ਼ੀਨਾਂ ਨਾਲ ਲੈਸ ਹੋਣਗੇ | ਉਨ੍ਹਾ ਕਿਹਾ ਕਿ ਆਗਾਮੀ ਗਣਤੰਤਰ ਦਿਵਸ ਤੋਂ ਇਹ ਸਹੂਲਤ ਸਾਰੇ ਹਸਪਤਾਲਾਂ ‘ਚ ਮੁਹੱਈਆ ਹੋਵੇਗੀ ਅਤੇ ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ਲਈ ਅਪਰੇਟਰ ਵੀ ਤਾਇਨਾਤ ਕੀਤੇ ਜਾਣਗੇ | ਡਾਕਟਰਾਂ ਵੱਲੋਂ ਲਿਖੀਆਂ ਸਾਰੀਆਂ ਦਵਾਈਆਂ ਹੁਣ ਹਸਪਤਾਲਾਂ ਦੇ ਅੰਦਰ ਹੀ ਉਪਲਬਧ ਹੋਣਗੀਆਂ, ਜਿਸ ਨਾਲ ਲੋਕਾਂ ਦੀ ਲੁੱਟ ਬੰਦ ਹੋਵੇਗੀ |
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ‘ਚ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ ਦੇਣ ਲਈ ਸੂਬਾ ਸਰਕਾਰ ਨੇ ਆਉਣ ਵਾਲੇ ਪੰਜ ਸਾਲਾਂ ਵਿੱਚ 16 ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਪੰਜਾਬ ‘ਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ ਵਧ ਕੇ 25 ਹੋ ਜਾਵੇਗੀ ਅਤੇ ਸੂਬੇ ਦੇ ਹਰੇਕ ਜ਼ਿਲ੍ਹੇ ‘ਚ ਇਕ ਮੈਡੀਕਲ ਕਾਲਜ ਦੀਆਂ ਸੇਵਾਵਾਂ ਯਕੀਨੀ ਬਣਨਗੀਆਂ | ਉਨ੍ਹਾ ਕਿਹਾ ਕਿ ਅਜਿਹਾ ਇਕ ਮੈਡੀਕਲ ਕਾਲਜ ਹੁਸ਼ਿਆਰਪੁਰ ਵਿਖੇ ਸ਼ਨੀਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸਮਰਪਤ ਕੀਤਾ ਜਾਵੇਗਾ | ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਡਾਕਟਰੀ ਸਹੂਲਤਾਂ ਯਕੀਨੀ ਬਣਾਉਣ ਲਈ ਹੋਰ ਮੈਡੀਕਲ ਕਾਲਜ ਵੀ ਛੇਤੀ ਖੋਲ੍ਹੇ ਜਾਣਗੇ |
ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਆਖਿਆ |

Related Articles

LEAVE A REPLY

Please enter your comment!
Please enter your name here

Latest Articles