20 C
Jalandhar
Wednesday, November 29, 2023
spot_img

ਸਲਾਹੁਣਯੋਗ ਫੈਸਲਾ

ਬਿਹਾਰ ਸਰਕਾਰ ਨੇ ਫਿਰਕੂ ਖਿਚਾਅ ਪੈਦਾ ਹੋਣ ਤੋਂ ਰੋਕਣ ਲਈ ਧਾਰਮਕ ਜਲੂਸਾਂ ਵਿਚ ਤਲਵਾਰਾਂ, ਨੇਜ਼ੇ, ਅਗਨ ਸ਼ਸਤਰ, ਲਾਠੀਆਂ ਤੇ ਹੋਰ ਹਥਿਆਰ ਲੈ ਕੇ ਚੱਲਣ ‘ਤੇ ਪਾਬੰਦੀ ਲਾ ਦਿੱਤੀ ਹੈ | ਇਸ ਤੋਂ ਇਲਾਵਾ ਕੰਨ-ਪਾੜਵੇਂ ਸਪੀਕਰਾਂ ਦੀ ਵਰਤੋਂ ਵੀ ਰੋਕ ਦਿੱਤੀ ਹੈ | ਗ੍ਰਹਿ ਵਿਭਾਗ ਦੇ ਸਪੈਸ਼ਲ ਸੈਕਟਰੀ ਕੇ ਐੱਸ ਅਨੁਪਮ ਮੁਤਾਬਕ ਸਾਰੇ ਡਿਪਟੀ ਕਮਿਸ਼ਨਰਾਂ ਤੇ ਪੁਲਸ ਕਪਤਾਨਾਂ ਨੂੰ ਇਹ ਫੈਸਲਾ ਸਖਤੀ ਨਾਲ ਲਾਗੂ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ | ਅਜਿਹੇ ਫੈਸਲੇ ਲਾਗੂ ਕਰਾਉਣੇ ਔਖੇ ਹੁੰਦੇ ਹਨ ਪਰ ਨਿਤੀਸ਼ ਕੁਮਾਰ ਦੀ ਸਰਕਾਰ ਨੇ ਇਸ ਲਈ ਲੋੜੀਂਦੀ ਸਿਆਸੀ ਇੱਛਾ-ਸ਼ਕਤੀ ਦਿਖਾਈ ਹੈ | ਇਸ ਸਾਲ ਦੇ ਸ਼ੁਰੂ ਵਿਚ ਸੂਬੇ ‘ਚ ਧਾਰਮਕ ਜਲੂਸਾਂ ਦੌਰਾਨ ਫਿਰਕੂ ਹਿੰਸਾ ਦੀਆਂ ਕਾਫੀ ਘਟਨਾਵਾਂ ਦੇਖਣ ਵਿਚ ਆਈਆਂ ਸਨ | ਜਲੂਸਾਂ ਵਿਚ ਹਥਿਆਰ ਲੈ ਕੇ ਚੱਲਣ ‘ਤੇ ਅਸਲ੍ਹਾ ਐਕਟ ਤਹਿਤ ਰੋਕ ਲਾਈ ਗਈ ਹੈ | ਉਂਜ ਖਾਸ ਧਾਰਮਕ ਰਸਮਾਂ ਦੌਰਾਨ ਹਥਿਆਰ ਕੋਲ ਰੱਖੇ ਜਾ ਸਕਦੇ ਹਨ, ਜਿਵੇਂ ਕਿ ਸਿੱਖਾਂ ਦੇ ਧਾਰਮਕ ਸਮਾਗਮਾਂ ਦੌਰਾਨ ਕ੍ਰਿਪਾਨ ਤੇ ਸ੍ਰੀ ਸਾਹਿਬ ‘ਤੇ ਰੋਕ ਨਹੀਂ ਹੋਵੇਗੀ | ਜੇ ਕ੍ਰਿਪਾਨ ਜਾਂ ਹੋਰ ਸ਼ਸਤਰ ਜ਼ਰੂਰੀ ਹੋਵੇਗਾ ਤਾਂ ਉਸ ਨੂੰ ਧਾਰਨ ਕਰਨ ਵਾਲੇ ਨੂੰ ਪ੍ਰਸ਼ਾਸਨ ਤੋਂ ਆਗਿਆ ਲੈਣੀ ਪਵੇਗੀ | ਸਰਕਾਰ ਦੇ ਫੈਸਲੇ ਵਿਚ ਇਹ ਵੀ ਸ਼ਾਮਲ ਹੈ ਕਿ 10 ਤੋਂ 25 ਲੋਕ ਆਪਣੇ ਨਾਂਅ-ਪਤੇ ਤੇ ਆਧਾਰ ਨੰਬਰਾਂ ਨਾਲ ਵਾਅਦਾ ਕਰਨਗੇ ਕਿ ਜਲੂਸ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ | ਮਾਈਕਾਂ ਦੀ ਵਰਤੋਂ ਸਿਰਫ ਭੀੜ ਕੰਟਰੋਲ ਕਰਨ ਲਈ ਕੀਤੀ ਜਾਵੇਗੀ ਅਤੇ ਕਿਸੇ ਖਾਸ ਇਲਾਕੇ ਵਿਚ ਸਪੀਕਰਾਂ ਦੀ ਆਵਾਜ਼ ਉੱਚੀ ਕਰਨ ਦੀ ਮਨਾਹੀ ਹੋਵੇਗੀ | ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਕੂਲਾਂ, ਹਸਪਤਾਲਾਂ ਤੇ ਧਾਰਮਕ ਸਥਾਨਾਂ ਕੋਲ ਉੱਚੀ ਸਪੀਕਰ ਨਹੀਂ ਵਜਾਏ ਜਾਣਗੇ | ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਧਾਰਮਕ ਜਲੂਸ ਗੜਬੜ ਤੇ ਨਫਰਤ ਫੈਲਾਉਣ ਦੇ ਸਰੋਤ ਨਾ ਬਣਨ | ਪ੍ਰਸ਼ਾਸਨ ਸਾਰੇ ਜਲੂਸਾਂ ਦੀ ਵੀਡੀਓਗ੍ਰਾਫੀ ਵੀ ਕਰੇਗਾ ਤਾਂ ਕਿ ਸ਼ਰਾਰਤੀਆਂ ਨੂੰ ਨੱਪਿਆ ਜਾ ਸਕੇ |
ਜਲੂਸਾਂ ‘ਚ ਹਥਿਆਰਾਂ ਦਾ ਬੇਵਜ੍ਹਾ ਪ੍ਰਦਰਸ਼ਨ ਤੇ ਲਾਊਡ-ਸਪੀਕਰ ਉੱਚੀ ਆਵਾਜ਼ ਵਿਚ ਵਜਾਉਣਾ ਅਕਸਰ ਗੜਬੜ ਦਾ ਸਬੱਬ ਬਣਦਾ ਹੈ | ਫਿਰਕੂ ਖਿਚਾਅ ਪੈਦਾ ਕਰਨ ਵਾਲਿਆਂ ਲਈ ਜਲੂਸ ਸਭ ਤੋਂ ਮੁਫੀਦ ਹਥਿਆਰ ਸਾਬਤ ਹੁੰਦੇ ਹਨ | ਬਿਹਾਰ ਸਰਕਾਰ ਨੇ ਹਿੰਮਤ ਦਿਖਾਉਂਦਿਆਂ ਸਲਾਹੁਣਯੋਗ ਫੈਸਲਾ ਲਿਆ ਹੈ | ਹੋਰ ਸਰਕਾਰਾਂ ਵੀ ਅਜਿਹੇ ਫੈਸਲੇ ਅਮਲ ਵਿਚ ਲਿਆਉਣ ਤਾਂ ਫਿਰਕੂ ਹਿੰਸਾ ਰੋਕਣ ‘ਚ ਕਾਫੀ ਮਦਦ ਮਿਲ ਸਕਦੀ ਹੈ |

Related Articles

LEAVE A REPLY

Please enter your comment!
Please enter your name here

Latest Articles