ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੇ ਦਾਖਲਿਆਂ ’ਤੇ ਪਾਬੰਦੀ ਲਾਉਣ ਦੀ ਸੀ ਪੀ ਆਈ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਫੌਰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਇਥੇ ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਪ੍ਰਸ਼ਾਸ਼ਨ, ਜਿਹੜਾ ਮੋਦੀ ਦੀ ਕੇਂਦਰੀ ਭਾਜਪਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ, ਨੂੰ ਆਰ ਐੱਸ ਐੱਸ ਅਤੇ ਮੋਦੀ ਸਰਕਾਰ ਦੀ ਇਕ ਹੋਰ ਸਾਜ਼ਿਸ਼ ਕਰਾਰ ਦਿਤਾ ਹੈ। ਸਾਥੀ ਬਰਾੜ ਨੇ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਲਗਾਤਾਰ ਛੜਯੰਤਰਾਂ ਰਾਹੀਂ ਚੰਡੀਗੜ੍ਹ ਨੂੰ ਪੰਜਾਬ ਤੋਂ ਵੱਖ ਕਰਨ ਦੀ ਨੀਤੀ ’ਤੇ ਚੱਲ ਰਹੀ ਹੈ। ਬੀ ਬੀ ਐੱਮ ਬੀ ਦੀ ਮੈਨੇਜਮੈਂਟ ਵਿਚੋਂ ਪੰਜਾਬ ਨੂੰ ਕੱਢਣਾ, ਚੰਡੀਗੜ੍ਹ ਯੂਨੀਵਰਸਿਟੀ ’ਚੋਂ ਪੰਜਾਬ ਦੇ ਅਧਿਕਾਰ ਖਤਮ ਕਰਨੇ, ਚੰਡੀਗੜ੍ਹ ਪ੍ਰਸ਼ਾਸਨ ’ਚੋਂ ਅਫਸਰਾਂ ਅਤੇ ਮੁਲਾਜ਼ਮਾਂ ਦੀ ਭਰਤੀ ’ਚੋਂ ਪੰਜਾਬ ਦੇ ਅਧਿਕਾਰੀ ਘੱਟ ਕਰਨੇ ਆਦਿ ਅਨੇਕਾਂ ਕਦਮਾਂ ਰਾਹੀਂ ਹੌਲੀ-ਹੌਲੀ ਚੰਡੀਗੜ੍ਹ ਤੋਂ ਪੰਜਾਬ ਦਾ ਅਧਿਕਾਰ ਖਤਮ ਕਰਨ ਦੀ ਨੀਤੀ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾ ਸਕਦਾ। ਉਹਨਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਸਾਰੀਆਂ ਰਾਜਸੀ ਸ਼ਕਤੀਆਂ ਨੂੰ ਨਾਲ ਲੈ ਕੇ ਜ਼ੋਰਦਾਰ ਸੰਘਰਸ਼ ਲੜਨ ਅਤੇ ਫੋਕੀ ਬਿਆਨਬਾਜ਼ੀ ਅਤੇ ਝੂਠੇ ਪ੍ਰਚਾਰ ਸਾਧਨਾਂ ਰਾਹੀਂ ਲੋਕਾਂ ਦੇ ਟੈਕਸਾਂ ਦਾ ਪੈਸਾ ਬਰਬਾਦ ਨਾ ਕਰਨ।


