ਨਵਾਂ ਸ਼ਹਿਰ/ਬਹਿਰਾਮ (ਮਨੋਜ ਲਾਡੀ, ਅਵਤਾਰ ਕਲੇਰ)-ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ‘ਤੇ ਅਧਾਰਿਤ ‘ਫਾਸ਼ੀਵਾਦੀ ਹਮਲੇ ਵਿਰੋਧੀ ਫਰੰਟ’ ਵਲੋਂ ਸ਼ੁੱਕਰਵਾਰ ਇਥੇ ਦੋਆਬਾ ਜ਼ੋਨ ਪੱਧਰੀ ਕਨਵੈਨਸ਼ਨ ਕੀਤੀ ਗਈ, ਜਿਸਦੀ ਪ੍ਰਧਾਨਗੀ ਦਲਜੀਤ ਸਿੰਘ ਐਡਵੋਕੇਟ, ਮੋਹਨ ਸਿੰਘ ਧਿਮਾਣਾ ਅਤੇ ਦਵਿੰਦਰ ਨੰਗਲੀ ਵਲੋਂ ਕੀਤੀ ਗਈ | ਇਹ ਕਨਵੈਨਸ਼ਨ ਮੋਦੀ ਸਰਕਾਰ ਦੀਆਂ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੁਆਰਾ ਆਮ ਲੋਕਾਂ ਦੀ ਲੁੱਟ ਕਰਨ ਲਈ ਅਪਣਾਈਆਂ ਫਾਸ਼ੀਵਾਦੀ ਨੀਤੀਆਂ ਵਿਰੁੱਧ ਸੀ |
ਇਸ ਮੌਕੇ ਫਰੰਟ ਵਿਚ ਸ਼ਾਮਲ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ, ਸੀ ਪੀ ਆਈ (ਐਮ ਐਲ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਸਮਰਾ, ਆਰ ਐਮ ਪੀ ਆਈ ਦੇ ਕੌਮੀ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਤੇ ਆਰ ਐਸ ਐਸ ਦੇ ਫਾਸ਼ੀਵਾਦ ਵਿਰੁੱਧ ਉੱਠ ਖੜ੍ਹੇ ਹੋਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਫੈਡਰਲ ਢਾਂਚੇ ਉੱਤੇ ਹਮਲੇ ਕਰ ਰਹੀ ਹੈ, ਭਾਖੜਾ ਡੈਮ ‘ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰ ਰਹੀ ਹੈ, ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਅਧਿਕਾਰ ਖਤਮ ਕਰਕੇ ਕੇਂਦਰ ਸਰਕਾਰ ਅਧੀਨ ਕਰ ਰਹੀ ਹੈ, ਦਲਿਤਾਂ ‘ਤੇ ਹਮਲੇ ਕਰ ਰਹੀ ਹੈ ਅਤੇ ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ |
ਉਨ੍ਹਾਂ ਕਿਹਾ ਕਿ ਭਾਰਤੀ ਹਾਕਮਾਂ ਦੀਆਂ ਕਾਰਪੋਰੇਟ ਪੱਖੀ ਲੋਕ ਵਿਰੋਧੀ ਨੀਤੀਆਂ ਵਾਲੇ ਮੌਜੂਦਾ ਆਰਥਿਕ ਮਾਡਲ ਨੇ ਅਮੀਰ -ਗਰੀਬ ਦਾ ਪਾੜਾ ਬਹੁਤ ਜ਼ਿਆਦਾ ਵਧਾ ਦਿੱਤਾ ਹੈ | ਬਹੁਗਿਣਤੀਵਾਦੀ ਫਿਰਕਾਪ੍ਰਸਤ ਹਕੂਮਤ ਨੇ ਚੁਣਾਵੀ ਪ੍ਰਬੰਧ ਰਾਹੀਂ ਹਰ ਤਰ੍ਹਾਂ ਦੀ ਸੁਰੱਖਿਆ ਅਤੇ ਸੰਵਿਧਾਨ ਵਿਚ ਦਰਜ ਹੱਕਾਂ ਨੂੰ ਖਤਮ ਕਰਕੇ ਔਰਤਾਂ, ਦਲਿਤਾਂ, ਆਦਿਵਾਸੀਆਂ ਅਤੇ ਕਿਰਤੀ ਵਰਗਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਅਸੁਰੱਖਿਅਤ ਬਣਾ ਦਿੱਤੀ ਹੈ | ਚੋਣ ਪ੍ਰਬੰਧ ਰਾਹੀਂ ਭਾਰਤ ਦੇ ਲੋਕਾਂ ਦੀ ਆਰਥਿਕ ਤਬਾਹੀ ਅਤੇ ਮੁਸਲਮਾਨ ਘੱਟਗਿਣਤੀ ਅਤੇ ਹੋਰ ਦੱਬੇ ਕੁਚਲੇ ‘ਤੇ ਦਮਨ ਨੇ ਹੁਕਮਰਾਨ ਧਿਰ ਦੇ ਅਸਲ ਇਰਾਦੇ ਸਾਹਮਣੇ ਲਿਆ ਦਿੱਤੇ ਹਨ | ਭਾਜਪਾ ਹਕੂਮਤ ਹਜੂਮੀ ਹਿੰਸਾ, ਯੂ ਏ ਪੀ ਏ ਵਰਗੇ ਕਾਲੇ ਕਾਨੂੰਨਾਂ ਅਤੇ ਸੱਤਾ ਦੀ ਤਾਕਤ ਨਾਲ ਘੱਟਗਿਣਤੀ ਮੁਸਲਮਾਨਾਂ ਨੂੰ ਬੇਕਿਰਕੀ ਨਾਲ ਕੁਚਲਕੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਫਿਰਕੂ ਦੰਗੇ ਨਹੀਂ ਸਗੋਂ ਘੱਟ ਗਿਣਤੀਆਂ ਦੇ ਕਤਲੇਆਮ ਦਾ ਉਸੇ ਤਰ੍ਹਾਂ ਦਾ ਮਾਡਲ ਹੈ ਜਿਵੇਂ ਹਿਟਲਰ ਦੇ ਰਾਜ ਵਿਚ ਜਰਮਨੀ ਵਿਚ ਫਾਸ਼ੀਵਾਦੀਆਂ ਨੇ ਯਹੂਦੀਆਂ ਨੂੰ ਨਿਸ਼ਾਨਾ ਬਣਾਇਆ ਸੀ | ਘੱਟ ਗਿਣਤੀਆਂ ਦੇ ਪਹਿਰਾਵੇ ,ਖਾਣ-ਪਾਣ, ਇਤਿਹਾਸਕ ਇਮਾਰਤਾਂ, ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਦੇ ਘਰਾਂ, ਦੁਕਾਨਾਂ ਉੱਤੇ ਬੁਲਡੋਜ਼ਰ ਚਲਾਕੇ ਉਨ੍ਹਾਂ ਦੀ ਆਰਥਿਕਤਾ ‘ਤੇ ਸੱਟ ਮਾਰਕੇ ਉਨ੍ਹਾਂ ਨੂੰ ਦਹਿਸ਼ਤਜ਼ਦਾ ਕੀਤਾ ਜਾ ਰਿਹਾ ਹੈ | ਉਲਟਾ ਪੀੜਤਾਂ ਉੱਤੇ ਹੀ ਪੁਲਸ ਕੇਸ ਬਣਾਕੇ ਉਨ੍ਹਾਂ ਨੂੰ ਜੇਹਲੀਂ ਸੁੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਹਾਕਮਾਂ ਦੇ ਖੂੰਨੀ ਪੰਜੇ ਨੂੰ ਹੱਥ ਪਾਕੇ ਪੂਰੇ ਦੇਸ਼ ਨੂੰ ਇਸ ਚੁਣੌਤੀ ਦਾ ਮੁਕਾਬਲਾ ਕਰਨ ਦਾ ਰਾਹ ਦਿਖਾਇਆ ਹੈ | ਉਨ੍ਹਾਂ ਕਿਹਾ ਕਿ ਕਿਰਤ ਕਾਨੂੰਨਾਂ ਦਾ ਖਾਤਮਾ ਕਰਕੇ ਚਾਰ ਕਿਰਤ ਕੋਡ ਬਣਾਕੇ ਹਕੂਮਤ ਨੇ ਮਜ਼ਦੂਰ ਵਰਗ ਨੂੰ ਏਨਾ ਨਿਤਾਣਾ ਬਣਾ ਦਿੱਤਾ ਹੈ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਨੂੰ ਨਾਲ ਲੈਕੇ ਇਸ ਹਮਲੇ ਦਾ ਮੁਕਾਬਲਾ ਕਰਨ ‘ਚ ਹੱਥ ਵਟਾਉਣਾ ਪਵੇਗਾ | ਉਨ੍ਹਾਂ ਕਿਹਾ ਕਿ ਐਂਮਰਜੈਂਸੀ ਰਾਹੀਂ ਨਾਗਰਿਕਾਂ ਦੇ ਹੱਕ ਕੁਚਲੇ ਜਾਣ ਤੋਂ ਬਾਅਦ ਜਮਹੂਰੀ ਹੱਕਾਂ, ਲੋਕ ਲਹਿਰਾਂ, ਵਿਚਾਰ ਪ੍ਰਗਟਾਵੇ ਅਤੇ ਪੈ੍ਰਸ ਦੀ ਆਜ਼ਾਦੀ ਨੂੰ ਦਰਪੇਸ਼ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਕੱਟੜਪੰਥੀ ਤਾਕਤਾਂ ਭੜਕਾਊ ਮੁੱਦੇ ਖੜ੍ਹੇ ਕਰਕੇ ਲੋਕਾਂ ਦੀ ਏਕਤਾ ਨੂੰ ਸੱਟ ਮਾਰਨ ਦੀਆਂ ਚਾਲਾਂ ਚੱਲ ਰਹੀਆਂ ਹਨ ਜੋ ਨਾ ਸਿਰਫ ਸਮਾਜਿਕ ਸਦਭਾਵਨਾ/ ਏਕਤਾ ਲਈ ਖਤਰਨਾਕ ਹੈ ਸਗੋਂ ਇਹ ਲੋਕਾਂ ਨੂੰ ਉਨ੍ਹਾਂ ਦੇ ਅਸਲ ਮੁੱਦਿਆਂ ਤੋਂ ਵੀ ਭਟਕਾਉਂਦਾ ਹੈ | ਭਾਰਤੀ ਹਾਕਮ ਜਨਤਕ ਜਾਇਦਾਦਾਂ ਨੂੰ ਆਪਣੇ ਚਹੇਤੇ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚ ਰਹੇ ਹਨ | ਹਾਕਮਾਂ ਦੀਆਂ ਨੀਤੀਆਂ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ | ਮੋਦੀ ਸਰਕਾਰ ਨੇ ਦੇਸ਼ ਦੇ ਫੈਡਰਲ ਢਾਂਚੇ ਨੂੰ ਵੱਡੀਆਂ ਸੱਟਾਂ ਮਾਰੀਆਂ ਹਨ | ਭਾਜਪਾ-ਆਰ ਐਸ ਐਸ ਇਕ ਪਾਰਟੀ ਰਾਜ, ਇਕ ਭਾਸ਼ਾ, ਇਕ ਵਿਚਾਰਧਾਰਾ, ਇਕ ਸਿਵਲ ਕੋਡ ਦੇ ਰਾਹ ਉੱਤੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ | ਭਾਰਤ ਗਵਾਂਢੀ ਦੇਸ਼ ਸ਼੍ਰ ਲੰਕਾ ਦੇ ਰਾਹ ਪੈਂਦਾ ਨਜ਼ਰ ਆ ਰਿਹਾ ਹੈ ਜਿਸਦੀ ਤਬਾਹੀ ਸਾਰੀ ਦੁਨੀਆਂ ਦੇਖ ਰਹੀ ਹੈ | ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਫਾਸ਼ੀਵਾਦੀ ਹੱਲਿਆਂ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਸਾਰੀਆਂ ਤਾਕਤਾਂ ਨੂੰ ਇਕਮੁੱਠ ਹੋਣ ਦੀ ਲੋੜ ਹੈ ਜੋ ਫਾਸ਼ਵਾਦੀ ਹੱਲਿਆਂ ਦਾ ਸੇਕ ਹੰਢਾ ਰਹੀਆਂ ਹਨ | ਉਨ੍ਹਾਂ ਨੇ ਬਿਨਾਂ ਕਾਨੂੰਨੀ ਪ੍ਰਕਿਰਿਆ ਅਪਣਾਏ ਮੁਸਲਮਾਨਾਂ ਦੇ ਘਰ ਅਤੇ ਦੁਕਾਨਾਂ ਢਾਹੁਣ ਅਤੇ ਰਾਮਨੌਮੀ ਦੇ ਮੌਕੇ ਦੇਸ਼ ਦੇ ਵੱਖਰੇ-ਵੱਖਰੇ ਸੂਬਿਆਂ ਚ ਦੰਗੇ ਕਰਵਾਉਣ ਦੀ ਸਖਤ ਨਿਖੇਧੀ ਕੀਤੀ | ਆਗੂਆਂ ਨੇ ਸਜ਼ਾ ਭੁਗਤ ਚੁੱਕੇ ਸਿੱਖ ਕੈਦੀਆਂ ਸਮੇਤ ਸੰਗੀਨ ਧਾਰਾਵਾਂ ਤਹਿਤ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿਚ ਬੰਦ ਕੀਤੇ ਸਿਆਸੀ ਕਾਰਕੁੰਨਾਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਲੇਖਕਾਂ ਨੂੰ ਰਿਹਾ ਕਰਨ, ਯੂ ਏ ਪੀ ਏ, ਅਫਸਪਾ ਅਤੇ ਹੋਰ ਕਾਲੇ ਕਾਨੂੰਨ ਖਤਮ ਕਰਨ ਦੀ ਮੰਗ ਕੀਤੀ | ਬਾਅਦ ਵਿਚ ਸ਼ਹਿਰ ਅੰਦਰ ਮੁਜ਼ਾਹਰਾ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਸੁਤੰਤਰ ਕੁਮਾਰ, ਕਾਮਰੇਡ ਮੁਕੰਦ ਲਾਲ, ਕਾਮਰੇਡ ਰਾਮ ਲਾਲ ਚੱਕ ਗੁਰੂ, ਕਾਮਰੇਡ ਪਰਮਿੰਦਰ ਮੇਨਕਾ, ਕਾਮਰੇਡ ਨਰੰਜਣ ਦਾਸ ਮੇਹਲੀ, ਬੀਬੀ ਗੁਰਬਖਸ਼ ਕੌਰ ਸੰਘਾ, ਸਤਨਾਮ ਸਿੰਘ ਸੁੱਜੋਂ, ਕਾਮਰੇਡ ਦਲਜੀਤ ਸਿੰਘ ਐਡਵੋਕੇਟ, ਕਮਲਜੀਤ ਸਨਾਵਾ, ਅਵਤਾਰ ਸਿੰਘ ਤਾਰੀ, ਕਾਮਰੇਡ ਦਲਜੀਤ ਸਿੰਘ ਸੁੱਜੋਂ, ਪਰਮਜੀਤ ਸਿੰਘ, ਕਾਮਰੇਡ ਸਿਕੰਦਰ ਸੰਧੂ ਨਕੋਦਰ, ਕਾਮਰੇਡ ਜੈ ਪਾਲ ਫਗਵਾੜਾ, ਕਾਮਰੇਡ ਹਰੀ ਰਾਮ ਰਸੂਲ ਪੁਰੀ ਆਦਿ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਹਾਜ਼ਰ ਸਨ |