ਨਵੀਂ ਦਿੱਲੀ : ਭਾਜਪਾ ਸਾਂਸਦ ਵਰੁਣ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਲਾਇਆ ਹੈ | ਵਰੁਣ ਗਾਂਧੀ ਕਿਸਾਨ ਅੰਦੋਲਨ ਸਮੇਂ ਤੋਂ ਹੀ ਲਗਾਤਾਰ ਭਾਜਪਾ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਵਾਲ ਚੁੱਕਦੇ ਰਹੇ ਹਨ | ਕਦੀ ਬੇਰੁਜ਼ਗਾਰੀ ਨੂੰ ਲੈ ਕੇ ਤਾਂ ਕਦੀ ਵਧਦੀ ਮਹਿੰਗਾਈ ਨੂੰ ਲੈ ਕੇ ਵਰੁਣ ਗਾਂਧੀ ਸਰਕਾਰ ‘ਤੇ ਨਿਸ਼ਾਨਾ ਲਾਉਂਦੇ ਰਹੇ | ਹੁਣ ਵਰੁਣ ਨੇ ਵਧਦੀਆਂ ਗੈਸ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ | ਭਾਜਪਾ ਸਾਂਸਦ ਨੇ ਯੂਟਿਊਬ ਚੈਨਲ ‘ਤੇ ਇੱਕ ਰਿਪੋਰਟ ਸ਼ੇਅਰ ਕਰਕੇ ਲਿਖਿਆ—ਔਰਤਾਂ ਨੂੰ ਧੂੰਏਾ ਤੋਂ ਆਜ਼ਾਦੀ ਦਾ ਸੁਪਨਾ ਦਿਖਾਇਆ ਗਿਆ ਸੀ | ਚੁੱਲ੍ਹੇ ‘ਚ ਲੱਕੜੀਆਂ ਬਲ ਰਹੀਆਂ ਅਤੇ ਲਾਲ ਸਿਲੰਡਰ ਸਜਾਵਟ ਦੀ ਵਸਤੂ ਬਣਿਆ ਹੋਇਆ ਹੈ | ਗੈਸ ਸਿਲੰਡਰ ਦੀ ਪਾਸਬੁਕ ਦੇ ਸਫਿਆਂ ‘ਚ ਮਹੀਨੇ ਤੋਂ ਕੋਈ ਐਂਟਰੀ ਨਹੀਂ ਚੜ੍ਹੀ | ਇਹ ਉਨ੍ਹਾਂ ਲੱਖਾਂ ਔਰਤਾਂ ਦਾ ਦਰਦ ਹੈ, ਜਿਨ੍ਹਾ ਨੂੰ ਅਸੀਂ ‘ਧੂੰਏਾ ਤੋਂ ਆਜ਼ਾਦੀ’ ਦਾ ਸੁਪਨਾ ਦਿਖਾਇਆ ਸੀ | ਇਹ ਉਹੀ ਔਰਤਾਂ ਹਨ, ਜਿਨ੍ਹਾਂ ‘ਤੇ ਅਸੀਂ ਸਭ ਤੋਂ ਜ਼ਿਆਦਾ ਭਰੋਸਾ ਕੀਤਾ ਸੀ | ਗਰੀਬ ਔਰਤਾਂ ਦਾ ਕਹਿਣਾ ਹੈ ਕਿ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ, ਅਸੀਂ ਏਨੇ ਗਰੀਬ ਹਾਂ ਕਿ ਕਿੱਥੋਂ ਸਿਲੰਡਰ ਭਰਾਈਏ? ਔਰਤਾਂ ਫਿਰ ਚੁੱਲ੍ਹੇ ‘ਤੇ ਖਾਣਾ ਬਣਾਉਣ ਲਈ ਮਜਬੂਰ ਹਨ | ਇਸ ਰਿਪੋਰਟ ‘ਚ ਔਰਤਾਂ ਨੇ ਆਪਣੀ ਪਾਸਬੁਕ ਦਿਖਾਉਂਦਿਆਂ ਕਿਹਾ ਕਿ ਇਸ ‘ਤੇ ਕਈ ਮਹੀਨਿਆ ਤੋਂ ਕੋਈ ਐਂਟਰੀ ਨਹੀਂ ਹੋਈ, ਕਿਉਂਕਿ ਸਿਲੰਡਰ ਦੀਆਂ ਕੀਮਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ |




