ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਨਿਯੁਕਤ ਕਮਿਸ਼ਨ ਨੇ ਕਿਹਾ ਹੈ ਕਿ ਤਿਲੰਗਾਨਾ ਦੇ ਹੈਦਰਾਬਾਦ ਵਿਚ ਗੈਂਗਰੇਪ ਤੇ ਕਤਲ ਦੇ ਚਾਰ ਮੁਲਜ਼ਮਾਂ ਨੂੰ ਪੁਲਸ ਨੇ ਖਤਮ ਕਰਨ ਦੀ ਨੀਅਤ ਨਾਲ ਮੁਕਾਬਲੇ ਵਿਚ ਮਾਰਿਆ ਸੀ | ਕਮਿਸ਼ਨ ਮੁਤਾਬਕ ਇਨ੍ਹਾਂ ਵਿਚੋਂ ਤਿੰਨ ਨਾਬਾਲਗ ਸਨ ਜਦਕਿ ਪੁਲਸ ਨੇ ਇਨ੍ਹਾਂ ਦੇ 20 ਸਾਲ ਦੇ ਹੋਣ ਦਾ ਦਾਅਵਾ ਕੀਤਾ ਸੀ | ਕਮਿਸ਼ਨ ਨੇ ਜਾਂਚ ਵਿਚ ਗੰਭੀਰ ਖਾਮੀਆਂ ਵੱਲ ਧਿਆਨ ਦਿਵਾਉਂਦਿਆਂ 10 ਪੁਲਸਮੈਨਾਂ ‘ਤੇ ਕਤਲ ਦਾ ਮੁਕੱਦਮਾ ਚਲਾਉਣ ਦੀ ਸਿਫਾਰਸ਼ ਵੀ ਕੀਤੀ ਹੈ |
ਕਮਿਸ਼ਨ ਦੀ ਰਿਪੋਰਟ ਕਹਿੰਦੀ ਹੈ—ਸਾਡੀ ਰਾਇ ਵਿਚ ਮਾਰਨ ਦੇ ਇਰਾਦੇ ਨਾਲ ਮੁਲਜ਼ਮਾਂ ‘ਤੇ ਗਿਣਮਿਥ ਕੇ ਗੋਲੀਆਂ ਚਲਾਈਆਂ ਗਈਆਂ | ਉਸ ਵੇਲੇ ਜੋਲੂ ਸ਼ਿਵਾ, ਜੋਲੂ ਨਵੀਨ ਤੇ ਚਿੰਤਾਕੁੰਤਾ ਚੇਨਾਕੇਸ਼ਾਵੁਲੂ ਨਾਬਾਲਗ ਸਨ | ਇਨ੍ਹਾਂ ਤੇ ਮੁਹੰਮਦ ਆਰਿਫ ਨੂੰ ਨਵੰਬਰ 2019 ਵਿਚ ਵੈਟਰਨਰੀ ਲੇਡੀ ਡਾਕਟਰ ਨਾਲ ਗੈਂਗਰੇਪ ਤੋਂ ਬਾਅਦ ਉਸਨੂੰ ਕਤਲ ਕਰਨ ਦੇ ਦੋਸ਼ ਵਿਚ ਫੜਿਆ ਗਿਆ ਸੀ | ਚੌਹਾਂ ਨੂੰ ਹੈਦਰਾਬਾਦ ਨੈਸ਼ਨਲ ਹਾਈਵੇਅ-44 ‘ਤੇ ਉਸੇ ਥਾਂ ਮੁਕਾਬਲੇ ਵਿਚ ਮਾਰਿਆ ਗਿਆ ਸੀ, ਜਿਥੋਂ 27 ਸਾਲਾ ਲੇਡੀ ਡਾਕਟਰ ਦੀ ਜਲੀ ਹੋਈ ਲਾਸ਼ ਮਿਲੀ ਸੀ | ਪੁਲਸ ਨੇ ਕਿਹਾ ਸੀ ਕਿ 27 ਨਵੰਬਰ 2019 ਨੂੰ ਲੇਡੀ ਡਾਕਟਰ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਤੇ ਫਿਰ ਉਸਨੂੰ ਕਤਲ ਕਰ ਦਿੱਤਾ ਗਿਆ | ਦੋਸ਼ੀਆਂ ਨੇ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਜਲਾ ਦਿੱਤੀ | ਸੁਪਰੀਮ ਕੋਰਟ ਨੇ ਸ਼ੁੱਕਰਵਾਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਵੀ ਐੱਸ ਸਿਰੀਪੁਰਕਰ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਕਮਿਸ਼ਨ ਦੀ ਰਿਪੋਰਟ ਵਸੂਲ ਕਰਨ ਤੋਂ ਬਾਅਦ ਅਗਲੀ ਕਾਰਵਾਈ ਲਈ ਮਾਮਲਾ ਤਿਲੰਗਾਨਾ ਹਾਈ ਕੋਰਟ ਦੇ ਸਪੁਰਦ ਕਰ ਦਿੱਤਾ | ਕਮਿਸ਼ਨ ਦੇ ਦੂਜੇ ਮੈਂਬਰ ਬੰਬੇ ਹਾਈ ਕੋਰਟ ਦੇ ਸਾਬਕਾ ਜੱਜ ਰੇਖਾ ਸੁੰਦਰ ਬਲਦੋਤਾ ਤੇ ਸਾਬਕਾ ਸੀ ਬੀ ਆਈ ਡਾਇਰੈਕਟਰ ਡੀ ਆਰ ਕਾਰਤੀਕੇਅਨ ਸਨ |