ਲਾਹੌਰ : ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ’ਚ ਪੁਲਸ ਦੀ ਵਰਦੀ ’ਚ ਆਏ ਲੁਟੇਰਿਆਂ ਨੇ ਭਾਰਤੀ ਸਿੱਖ ਪਰਿਵਾਰ ਨੂੰ ਲੁੱਟ ਲਿਆ। ਕੰਵਲਜੀਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਭਾਰਤ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਮਨਾਏ ਜਾ ਰਹੇ ਸਮਾਗਮਾਂ ’ਚ ਹਿੱਸਾ ਲੈਣ ਆਏ ਹਨ। ਬੁੱਧਵਾਰ ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਪਰਤਣ ਤੋਂ ਬਾਅਦ ਉਹ ਖਰੀਦਦਾਰੀ ਲਈ ਲਾਹੌਰ ਦੇ ਗੁਲਬਰਗ ਇਲਾਕੇ ਦੀ ਲਿਬਰਟੀ ਮਾਰਕੀਟ ਗਏ। ਜਦੋਂ ਉਹ ਦੁਕਾਨ ਤੋਂ ਬਾਹਰ ਆਏ ਤਾਂ ਪੁਲਸ ਵਰਦੀ ’ਚ ਆਏ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬੰਦੂਕ ਦਿਖਾ ਕੇ ਗਹਿਣਿਆਂ ਤੋਂ ਇਲਾਵਾ 2,50,000 ਭਾਰਤੀ ਰੁਪਏ ਅਤੇ 1,50,000 ਪਾਕਿਸਤਾਨੀ ਰੁਪਏ ਲੁੱਟ ਲਏ। ਘਟਨਾ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਉਥੇ ਇਕੱਠੇ ਹੋ ਗਏ ਅਤੇ ਉਹ ਸਿੱਖ ਪਰਿਵਾਰ ਸਮੇਤ ਸਥਾਨਕ ਥਾਣੇ ਪਹੁੰਚੇ। ਡੀ ਆਈ ਜੀ ਰੈਂਕ ਦੇ ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਲੁਟੇਰਿਆਂ ਨੂੰ ਗਿ੍ਰਫਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਤੀਰਥ ਯਾਤਰਾ ’ਤੇ ਆਏ ਸਿੱਖ ਪਰਿਵਾਰ ਨੂੰ ਲੁੱਟਣ ਦੀ ਘਟਨਾ ਦਾ ਸਖਤ ਨੋਟਿਸ ਲਿਆ ਅਤੇ ਲਾਹੌਰ ਪੁਲਸ ਮੁਖੀ ਨੂੰ ਤੁਰੰਤ ਰਿਪੋਰਟ ਦੇਣ ਲਈ ਕਿਹਾ।